ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਦਸੰਬਰ
ਲੁਧਿਆਣਾ ਵਿੱਚ ਕਾਂਗਰਸ ਦੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਭ੍ਰਿਸ਼ਟ ਆਗੂਆਂ ਤੇ ਅਫ਼ਸਰਾਂ ਦੀ ਮਿਲੀਭੁਗਤ ’ਤੇ ਸਵਾਲ ਖੜ੍ਹੇ ਕੀਤੇ ਹਨ। ਸਰਕਟ ਹਾਊਸ ’ਚ ਰੱਖੀ ਪੱਤਰਕਾਰ ਮਿਲਣੀ ਕਰਦੇ ਹੋਏ ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਆਪਣੀ ਪਾਰਟੀ ਦੇ ਵੱਡੇ ਆਗੂਆਂ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਆਗੂਆਂ ਤੇ ਅਫ਼ਸਰਾਂ ਦਾ ਗਰੋਹ ਪੰਜਾਬ ’ਚ ਕਾਂਗਰਸ ਨੂੰ ਖਤਮ ਕਰ ਦੇਵੇਗਾ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ’ਚ ਤਿੰਨ ਸਾਲਾਂ ਤੋਂ ਕਾਂਗਰਸ ਦੇ ਢਾਂਚੇ ਦਾ ਐਲਾਨ ਨਹੀਂ ਹੋ ਸਕਿਆ ਜਾਂ ਇਹ ਕਹਿ ਲਿਆ ਜਾਵੇ ਕਿ ਕਾਂਗਰਸ ਪਾਰਟੀ ਦੇ 40 ਵਿਧਾਇਕ ਢਾਂਚੇ ਦਾ ਐਲਾਨ ਨਹੀਂ ਹੋਣ ਦੇ ਰਹੇ, ਜਿਨ੍ਹਾਂ ਦੇ ਨਾਂ ਉਸ ਸੂਚੀ ’ਚ ਸ਼ਾਮਲ ਸਨ, ਜੋ ਆਗਾਮੀਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਸਥਿਤੀ ’ਚ ਨਹੀਂ ਹਨ।
ਮਹਿਤਾ ਨੇ ਕਿਹਾ ਕਿ ਪੰਜਾਬ ’ਚ ਭ੍ਰਿਸ਼ਟ ਆਗੂਆਂ ਤੇ ਅਫ਼ਸਰਾਂ ਦਾ ਗਰੋਹ ਇੱਨਾ ਗੂੜਾ ਹੋ ਚੁੱਕਿਆ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਆਪਣੇ ਪੱਧਰ ’ਤੇ ਨਾ ਤਾਂ ਕਿਸੇ ਅਹੁਦੇਦਾਰ ਦੀ ਨਿਯੁਕਤੀ ਕਰ ਸਕਦੇ ਹਨ ਤੇ ਨਾ ਹੀ ਆਪਣੇ ਤਰੀਕੇ ਨਾਲ ਕੰਮ ਕਰ ਪਾ ਰਹੇ ਹਨ। ਸ੍ਰੀ ਮਹਿਤਾ ਨੇ ਦੱਸਿਆ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ’ਚ ਭ੍ਰਿਸ਼ਟਾਚਾਰ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ। ਬਕਾਇਦਾ ਬਿਊਰੋਕੈਸੀ ਤੇ ਆਗੂਆਂ ਦੀ ਆਮਦਨ ਸਬੰਧੀ ਸੂਚਨਾ ਜਨਤਕ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅਜਿਹਾ ਹੋ ਨਹੀਂ ਰਿਹਾ ਹੈ। ਮਹਿਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਨ੍ਹਾਂ ਕਾਰਨਾਂ ਕਰ ਕੇ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਸੀ, ਉਹ ਸਥਿਤੀ ਅੱਜ ਵੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ, ਨਾ ਤਾਂ ਚਿੱਟਾ ਵੇਚਣ ਵਾਲੇ ਜੇਲ੍ਹ ’ਚ ਗਏ ਹਨ ਤੇ ਨਾ ਹੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਹੋਈ ਹੈ। ਚੰਨੀ ਦੇ ਐਲਾਨ ਤੋਂ ਬਾਅਦ ਰੇਤਾ ਤੇ ਕੇਬਲ ਮਾਫ਼ੀਆ ਅੱਜ ਵੀ ਮਨਮਾਨੀ ਕਰ ਰਿਹਾ ਹੈ।