ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਮਈ
ਇੱਥੇ 15 ਦਿਨ ਪਹਿਲਾਂ ਹੋਈ ਗੁੱਥੀ ਪੁਲੀਸ ਨੇ ਅੱਜ ਸੁਲਝਾ ਲਈ ਹੈ। ਇਸ ਸਬੰਧੀ ਮੁਲਜ਼ਮ ਨੂੰ ਪਾਣੀਪਤ ਤੋਂ ਕਾਬੂ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਯੂਪੀ ਦੇ ਜ਼ਿਲ੍ਹਾ ਸ਼ਾਮਲੀ ਸਥਿਤ ਪਿੰਡ ਜਲਾਲਬਾਦ ਤੋਂ ਕਰੀਬ 15 ਦਿਨ ਪਹਿਲਾਂ 25 ਹਜ਼ਾਰ ਰੁਪਏ ਲੈ ਕੇ ਦੁਕਾਨ ਲਈ ਖਰੀਦਦਾਰੀ ਕਰਨ ਲੁਧਿਆਣਾ ਪੁੱਜੇ ਮੁਹੰਮਦ ਇਸਲਾਮ ਦਾ ਉਸ ਦੇ ਸਾਥੀ ਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਤੇ ਟੁੱਕੜੇ ਟੁੱਕੜੇ ਕਰ ਲਾਸ਼ ਸਿੱਧਵਾਂ ਨਹਿਰ ’ਚ ਸੁੱਟ ਦਿੱਤੀ। ਇਹ ਕਤਲ ਕਿਸੇ ਰੰਜਿਸ਼ ਕਾਰਨ ਨਹੀਂ ਬਲਕਿ ਸਿਰਫ਼ 25 ਹਜ਼ਾਰ ਰੁਪਏ ਲੁੱਟਣ ਲਈ ਕੀਤਾ ਗਿਆ। ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਛੋਟੇ ਛੋਟੇ ਟੁੱਕੜੇ ਕਰਕੇ ਬੋਰੀ ’ਚ ਪਾਇਆ ਅਤੇ ਉਪਰੋਂ ਚੰਗੀ ਤਰ੍ਹਾਂ ਸਿਲਾਈ ਕਰਨ ਤੋਂ ਬਾਅਦ ਲਾਸ਼ ਸਿੱਧਵਾਂ ਨਹਿਰ ’ਚ ਸੁੱਟ ਦਿੱਤੀ। ਉਸ ਤੋਂ ਬਾਅਦ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ। ਮੁਲਜ਼ਮ ਨੂੰ ਪਾਣੀਪਤ ਤੋਂ ਕਾਬੂ ਕੀਤਾ ਗਿਆ ਤੇ ਥਾਣਾ ਟਿੱਬਾ ਪੁਲੀਸ ਹਵਾਲੇ ਕਰ ਦਿੱਤਾ ਗਿਆ। ਜਿੱਥੇ ਮੁਲਜ਼ਮ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ। ਜਿਸ ਤੋਂ ਬਾਅਦ ਥਾਣਾ ਟਿੱਬਾ ਦੀ ਪੁਲੀਸ ਨੇ ਇਸਲਾਮ ਦੇ ਭਰਾ ਮਹਬਿੂਬ ਦੀ ਸ਼ਿਕਾਇਤ ’ਤੇ ਮੁਹਮੰਦ ਮਹਿਫੂਜ਼ ਦੇ ਖਿਲ਼ਾਫ਼ ਕੇਸ ਦਰਜ ਕਰ ਲਾਸ਼ ਨੂੰ ਖੁਰਦ ਬੁਰਦ ਕਰਨ ਸਮੇਤ ਕਈ ਧਾਰਾਵਾਂ ਜੋੜ ਦਿੱਤੀਆਂ ਹਨ। ਮਹਬਿੂਬ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਦਾ ਭਰਾ ਖਰੀਦਦਾਰੀ ਕਰਨ ਲਈ ਲੁਧਿਆਣਾ ਦੀ ਗਾਂਧੀ ਨਗਰ ਮਾਰਕੀਟ ਆਇਆ ਸੀ। ਉੱਥੇ ਉਹ ਆਪਣੇ ਪਿੰਡ ਦੇ ਰਹਿਣ ਵਾਲੇ ਮੁਲਜ਼ਮ ਮੁਹੰਮਦ ਮਹਿਫੂਜ ਕੋਲ ਟਿੱਬਾ ਰੋਡ ’ਤੇ ਰੁੱਕਿਆ। ਉਧਰ, ਥਾਣਾ ਟਿੱਬਾ ਦੇ ਐੱਸਐੱਚਓ ਇੰਸਪੈਕਟਰ ਰਣਵੀਰ ਸਿੰਘ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਸਿੱਧਵਾਂ ਨਹਿਰ ’ਚੋਂ 2 ਬੋਰੀਆਂ ਬਰਾਮਦ ਕਰ ਲਈਆਂ ਹਨ। ਇਸ ’ਚ ਇੱਕ ਲੱਤ ਅਤੇ ਇੱਕ ਬਾਂਹ ਬਰਾਮਦ ਹੋਈ ਹੈ। ਬਾਕੀ ਲਾਸ਼ ਦੇ ਅੰਗ ਵੀ ਬਰਾਮਦ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ 2 ਦਿਨਾਂ ਪੁਲੀਸ ਰਿਮਾਂਡ ’ਤੇ ਲੈ ਲਿਆ ਗਿਆ ਹੈ ਤੇ ਪੁੱਛਗਿਛ ਕੀਤੀ ਜਾ ਰਹੀ ਹੈ।
ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਨਹਿਰ ’ਚੋਂ ਦੋ ਬੋਰੀਆਂ ਬਰਾਮਦ
ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਸਿੱਧਵਾਂ ਨਹਿਰ ’ਚੋਂ 2 ਬੋਰੀਆਂ ਬਰਾਮਦ ਕਰ ਲਈਆਂ ਹਨ। ਇਸ ’ਚ ਇੱਕ ਲੱਤ ਅਤੇ ਇੱਕ ਬਾਂਹ ਬਰਾਮਦ ਹੋਈ ਹੈ। ਬਾਕੀ ਲਾਸ਼ ਦੇ ਅੰਗ ਵੀ ਬਰਾਮਦ ਕਰਨ ਦੀ ਕੋਸ਼ਿਸ਼ ਜਾਰੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ 2 ਦਿਨਾਂ ਪੁਲੀਸ ਰਿਮਾਂਡ ’ਤੇ ਲੈ ਲਿਆ ਗਿਆ ਹੈ ਤੇ ਪੁੱਛਗਿਛ ਕੀਤੀ ਜਾ ਰਹੀ ਹੈ।