ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਮਈ
ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ ਫੀਲਡਗੰਜ ਵਿੱਚ ਬੁੱਧਵਾਰ ਦੀ ਦੇਰ ਰਾਤ ਨੂੰ ਅਚਾਨਕ ਕੱਪੜਿਆਂ ਦੀ ਦੁਕਾਨ ‘ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਅੱਗ ਲੱਗਣ ਨਾਲ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਤਿੰਨ ਟੈਂਡਰ ਮੌਕੇ ‘ਤੇ ਪੁੱਜ ਗਏ। ਜਿਨ੍ਹਾਂ ਨੇ ਕਰੀਬ 2 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਬੁਝਾਊ ਅਮਲੇ ਦੀ ਟੀਮ ਜਾਂਚ ‘ਚ ਲੱਗੀ ਹੋਈ ਹੈ। ਅੱਗ ਲੱਗਣ ਦੇ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।
ਦੁਕਨਾਦਾਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਦੁਕਾਨ ‘ਚ ਕੱਪੜਾ ਤੇ ਚੁੰਨੀਆਂ ਆਦਿ ‘ਚ ਅੱਗ ਭੜਕ ਗਈ। ਜਦੋਂ ਤੱਕ ਦੁਕਾਨਦਾਰ ਕੁਝ ਸਮਝ ਪਾਉਂਦਾ, ਪੂਰੀ ਦੁਕਾਨ ਅੱਗ ਦੀ ਚਪੇਟ ‘ਚ ਆ ਚੁੱਕੀ ਗਈ। ਦੁਕਾਨਦਾਰਾਂ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਹੇ। ਅੱਗ ਦੀਆਂ ਲਪਟਾਂ ਮਾਰਕੀਟ ‘ਚ ਦੂਰ ਦੂਰ ਤੱਕ ਨਜ਼ਰ ਆਉਣ ਲੱਗੀਆਂ। ਭੀੜ ਵਾਲੇ ਬਾਜ਼ਾਰ ‘ਚ ਅੱਗ ਲੱਗਣ ਨਾਲ ਲੋਕਾਂ ‘ਚ ਵੀ ਭਗਦੜ ਮਚ ਗਈ। ਘਟਨਾ ਸਥਾਨ ‘ਤੇ ਅੱਗ ਬੁਝਾਊ ਅਮਲੇ ਤੇ ਪੁਲੀਸ ਨੇ ਪੁੱਜ ਕੇ ਮੋਰਚਾ ਸੰਭਾਲਿਆ। ਅੱਗ ਵਧਣ ਕਾਰਨ ਨੇੜਲੀਆਂ ਕਈ ਦੁਕਾਨਾਂ ਨੂੰ ਵੀ ਖਾਲੀ ਕਰਵਾਇਆ ਗਿਆ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਆਖ ਚੁੱਕੇ ਹਾਂ ਕਿ ਬਾਜ਼ਾਰਾਂ ‘ਚ ਤਾਰਾਂ ਦੇ ਜਾਲ ਨਾ ਰਹਿਣ ਦਿੱਤੇ ਜਾਣ। ਸ਼ਾਟ ਸਰਕਟ ਵਰਗਾ ਹਾਦਸਾ ਹੋਣ ਤੋਂ ਬਾਅਦ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਦੁਕਾਨਦਾਰਾਂ ਅਨੁਸਾਰ ਸ਼ਾਰਟ ਸਰਕਟ ਦੇ ਕਾਰਨ ਪੂਰੇ ਬਾਜ਼ਾਰ ਦੀ ਬਿਜਲੀ ਗੁੱਲ ਰਹੀ।
ਫਾਸਟ ਫੂਡ ਦੀ ਦੁਕਾਨ ਵਿੱਚ ਲੱਗੀ ਅੱਗ-ਵੱਡਾ ਹਾਦਸਾ ਟਲਿਆ
ਜਗਰਾਉਂ (ਪੱਤਰ ਪ੍ਰੇਰਕ): ਇੱਥੇ ਕਮਲ ਚੌਕ ਨੇੜੇ ਸ਼ਹਿਰ ਦੇ ਮਸ਼ਹੂਰ ‘ਰਾਜੂ ਫਾਸਟ ਫੂਡ’ ਚ ਸਵੇਰੇ ਅੱਗ ਲੱਗ ਗਈ। ਮੌਕੇ ਤੇ ਪੁੱਜੇ ਨਗਰ ਕੌਂਸਲ ਦੇ ਅੱਗ ਬੁਝਾਊ ਅਮਲੇ ਨੇ ਲੰਬੀ ਜੱਦੋ-ਜਹਿਦ ਉਪਰੰਤ ਅੱਗ ‘ਤੇ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਦਿੱਤਾ। ਫਾਸਟ ਫੂਡ ਦੇ ਮੈਨੇਜਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੀ ਮੰਜ਼ਿਲ ‘ਤੇ ਸਥਿਤ ਫਾਸਟ ਫੂਡ ਕੰਪਲੈਕਸ ਦੀ ਰਸੋਈ ਦੇ (ਗਰਾਊਂਡ ਫਲੋਰ ‘ਤੇ) ਹੇਠਾਂ ਕਿਸੇ ਹੋਰ ਧਿਰ ਦਾ ਬਿਊਟੀ ਪਾਰਲਰ ਹੈ। ਅੱਜ ਸਵੇਰੇ ਬਿਊਟੀ ਪਾਰਲਰ ਵਿੱਚ ਬਿਜਲੀ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਉਪਰ ਰਸੋਈ ਤੱਕ ਪਹੁੰਚ ਗਈਆਂ ਤੇ ਅੱਗ ਫੈਲਣ ਲੱਗੀ। ਉਨ੍ਹਾਂ ਨੇ ਨਗਰ ਕੌਂਸਲ ਦੇ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ। ਐਨ ਮੌਕੇ ‘ਤੇ ਪੁੱਜੇ ਅੱਗ ਬੁਝਾਊ ਅਮਲੇ ਨੇ ਲੰਬੀ ਜੱਦੋ-ਜਹਿਦ ਉਪਰੰਤ ਅੱਗ ‘ਤੇ ਕਾਬੂ ਪਾ ਲਿਆ। ਨੇੜਲੇ ਦੁਕਾਨਦਾਰਾਂ ਨੇ ਅੱਗ ‘ਤੇ ਕਾਬੂ ਪੈਣ ਮਗਰੋਂ ਸੁੱਖ ਦਾ ਸਾਹ ਲੈਂਦਿਆ ਆਖਿਆ ਕਿ ਜੇ ਸਮੇਂ ਸਿਰ ਅੱਗ ਬੁਝਾਊ ਅਮਲਾ ਨਾ ਆਉਂਦਾ ਤਾਂ ਅੱਗ ਆਸੇ-ਪਾਸੇ ਫੈਲ ਕੇ ਵੱਡਾ ਨੁਕਸਾਨ ਕਰ ਸਕਦੀ ਸੀ। ਰਾਜੂ ਫਾਸਟ ਫੂਡ ਦੀ ਰਸੋਈ ਅਤੇ ਸਟੋਰ’ਚ ਭਰੇ ਪਏ ਗੈਸ ਸਿਲੰਡਰ ਵੀ ਅਮਲੇ ਨੇ ਤੁਰੰਤ ਸਮੇਂ ਸਿਰ ਬਾਹਰ ਕੱਢੇ।