ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਪਰੈਲ
ਸ਼ਹਿਰ ਦੇ ਸਭ ਤੋਂ ਪੁਰਾਣੇ ਚੌੜਾ ਬਾਜ਼ਾਰ ਵਿੱਚ ਸ਼ੁੱਕਰਵਾਰ ਦੀ ਸਵੇਰੇ ਰੇਡੀਮੈਡ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਨੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਅੱਗ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋਏ। ਉਨ੍ਹਾਂ ਨੇ ਅੱਗ ਬੁਝਾਊ ਦਸਤੇ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਇੱਕ-ਇੱਕ ਕਰ ਕੇ ਚਾਰ ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਦੋ ਘੰਟਿਆਂ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਕਾਰਨ ਦੁਕਾਨ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਵਜ੍ਹਾ ਹਾਲੇ ਤਕ ਸਪੱਸ਼ਟ ਨਹੀਂ ਹੋ ਸਕੀ। ਅੱਗ ਬੁਝਾਊ ਅਮਲੇ ਦੇ ਕਰਮੀ ਅੱਗ ਦੇ ਕਾਰਨਾਂ ਦਾ ਪਤਾ ਲਾਉਣ ’ਚ ਲੱਗੇ ਹੋਏ ਹਨ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਚੌੜਾ ਬਾਜ਼ਾਰ ’ਚ ਮਹਾਰਾਜਾ ਕੁਲੈਕਸ਼ਨ ਦੇ ਨਾਂ ਤੋਂ ਦੁਕਾਨ ਹੈ। ਸ਼ੁੱਕਰਵਾਰ ਨੂੰ ਦੁਕਾਨ ਖੋਲ੍ਹਣ ਤੋਂ ਕੁਝ ਸਮੇਂ ਬਾਅਦ ਅਚਾਨਕ ਪਹਿਲੀ ਮੰਜ਼ਿਲ ’ਤੇ ਅੱਗ ਲੱਗ ਗਈ। ਦੁਕਾਨ ’ਚ ਬੈਠੇ ਸਾਰੇ ਲੋਕ ਬਾਹਰ ਨਿਕਲੇ। ਉਨ੍ਹਾਂ ਤੇ ਆਸਪਾਸ ਦੇ ਦੁਕਾਨਦਾਰਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਅੱਗ ਬੁਝਾਊ ਵਿਭਾਗ ਦੀਆਂ ਟੀਮਾਂ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀਆਂ। ਸਭ ਤੋਂ ਵੱਡੀ ਮੁਸ਼ਕਿਲ ਅੱਗ ਬੁਝਾਊ ਅਮਲੇ ਨੂੰ ਚੌੜਾ ਬਾਜ਼ਾਰ ’ਚ ਗੱਡੀ ਲਿਜਾਣ ’ਚ ਆਈ। ਕਿਸੇ ਤਰ੍ਹਾਂ ਉਨ੍ਹਾਂ ਨੇ ਗੱਡੀਆਂ ਨੂੰ ਮੌਕੇ ’ਤੇ ਪਹੁੰਚਾ ਕੇ ਦੋ ਘੰਟੇ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ। ਜਿਸ ਜਗ੍ਹਾ ਦੁਕਾਨ ਸੀ, ਉਹ ਭੀੜ ਵਾਲਾ ਇਲਾਕਾ ਸੀ ਤੇ ਫਾਇਰ ਬ੍ਰਿਗੇਡ ਨੂੰ ਅੱਗ ਵਾਲੀ ਜਗ੍ਹਾ ’ਤੇ ਪੁੱਜਣ ’ਚ ਕਾਫ਼ੀ ਮੁਸ਼ਕਿਲ ਹੋਈ। ਦੁਕਾਨ ’ਚ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਚੌੜਾ ਬਾਜ਼ਾਰ ਵਿੱਚ ਲੱਗ ਗਿਆ ਜਾਮ
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਤਾਂ ਬਾਜ਼ਾਰ ਵਿੱਚ ਟਰੈਫਿਕ ਜਾਮ ਹੋ ਗਿਆ। ਇਸ ਕਰ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਮਦਦ ਕਰਨ ਵਾਲੇ ਘੱਟ ਤੇ ਅੱਗ ਨੂੰ ਦੇਖਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ।