ਪੱਤਰ ਪ੍ਰੇਰਕ
ਸਮਰਾਲਾ, 27 ਸਤੰਬਰ
ਪਿੰਡ ਰੌਹਲੇ ਦੇ 65 ਸਾਲਾ ਕਿਸਾਨ ਤਾਰਾ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨੀ ਸੰਘਰਸ਼ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਭਾਵੁਕ ਹੋ ਕੇ ਘੁਲਾਲ ਟੌਲ ਪਲਾਜ਼ਾ ਦੇ ਪਾਈਪ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ। ਅੱਜ ਦੇਸ਼ ਭਰ ਵਿੱਚ ਚੱਕਾ ਜਾਮ ਹੋਣ ਕਾਰਨ ਉਸ ਦੀ ਪਤਨੀ ਨੂੰ ਟਿੱਕਰੀ ਬਾਰਡਰ ਤੋਂ ਵਾਪਸ ਆਉਣ ਵਿੱਚ ਮੁਸ਼ਕਲ ਹੋਣ ਕਾਰਨ ਤਾਰਾ ਸਿੰਘ ਦਾ ਸਸਕਾਰ ਭਲਕੇ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਤਾਰਾ ਸਿੰਘ ਜੋ ਕਰੀਬ 10 ਮਹੀਨੇ ਤੋਂ ਕਿਸਾਨ ਸੰਘਰਸ਼ ਆਰੰਭ ਹੋਣ ਦੇ ਦਿਨਾਂ ਤੋਂ ਹੀ ਘੁਲਾਲ ਟੌਲ ਪਲਾਜ਼ੇ ’ਤੇ ਲਗਾਤਾਰ ਧਰਨੇ ਵਿਚ ਸ਼ਮੂਲੀਅਤ ਕਰਦਾ ਆ ਰਿਹਾ ਸੀ। ਉਸ ਦੀ ਪਤਨੀ ਵੀ ਪਿਛਲੇ 10 ਮਹੀਨਿਆਂ ਤੋਂ ਟਿੱਕਰੀ ਬਾਰਡਰ ’ਤੇ ਕਿਸਾਨ ਸੰਘਰਸ਼ ਵਿਚ ਲੰਗਰ ਦੀ ਸੇਵਾ ਨਿਭਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਮ੍ਰਿਤਕ ਤਾਰਾ ਸਿੰਘ ਹਮੇਸ਼ਾ ਹੀ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੀਤੀ ਜਾ ਰਹੀ ਅਣਦੇਖੀ ਕਾਰਨ ਚਿੰਤਾ ਵਿੱਚ ਰਹਿੰਦਾ ਸੀ। ਇਸ ਕਾਰਨ ਬੀਤੀ ਰਾਤ ਉਸ ਨੇ ਟੌਲ ਪਲਾਜ਼ਾ ਦੇ ਪਾਈਪ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।
ਕੈਪਸ਼ਨ: ਮ੍ਰਿਤਕ ਕਿਸਾਨ ਤਾਰਾ ਸਿੰਘ ਦੀ ਫਾਈਲ ਫੋਟੋ।