ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਅਗਸਤ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਜਨਵਾਦੀ ਇਸਤਰੀ ਸਭਾ ਨੇ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ 11 ਅਗਸਤ ਨੂੰ ਵਿਸ਼ਾਲ ਪੱਧਰ ’ਤੇ ਇਨਕਲਾਬੀ ਤੀਆਂ ਦਾ ਮੇਲਾ ਲਾਉਣ ਦਾ ਐਲਾਨ ਕੀਤਾ ਹੈ। ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਇਲਾਕੇ ਦੀਆਂ ਭੈਣਾਂ ਇਨਕਲਾਬੀ ਬੋਲੀਆਂ, ਗੀਤ, ਕਵਿਤਾਵਾਂ, ਦੋਹੇ ਅਤੇ ਸਕਿੱਟਾਂ ਪੇਸ਼ ਕਰਨਗੀਆਂ, ਉਨ੍ਹਾਂ ਕਿਹਾ ਕਿ ਇਨਕਲਾਬੀ ਤੀਆਂ ਦਾ ਇਹ ਮੇਲਾ ਅੰਦੋਲਨ ਦੀ ਤਾਕਤ ਹੋਰ ਵਧਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਾਡੇ ਮੇਲੇ, ਤਿਉਹਾਰ ਵੀ ਯੁੱਗ ਪਲਟਾਊ ਅੰਦੋਲਨਾਂ ਦੀ ਬਾਤ ਪਾਉਂਦੇ ਹਨ ਅਤੇ ਇਹ ਅੰਦੋਲਨ ਵੀ ਤੀਆਂ ਮਨਾਓ, ਧੀਆਂ ਅਤੇ ਖੇਤੀ ਬਚਾਓ ਦਾ ਸੁਨੇਹਾ ਦੇਵੇਗਾ ਅਤੇ ਮੋਦੀ ਹਕੂਮਤ ਦੀ ਅਰਥੀ ਵਿਚ ਕਿੱਲ ਸਾਬਤ ਹੋਵੇਗਾ। ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨੇ ਦੀ ਅਗਵਾਈ ਪਰਮਜੀਤ ਕੌਰ ਜੜਤੌਲੀ, ਕੁਲਜੀਤ ਕੌਰ ਗਰੇਵਾਲ ਅਤੇ ਗੁਰਮੀਤ ਕੌਰ ਨੇ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਬਲਦੇਵ ਸਿੰਘ ਧੂਰਕੋਟ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮਨਜੀਤ ਸਿੰਘ ਗੁੱਜਰਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਜਲਦੀ ਹੀ ਪਿੰਡਾਂ ਵਿਚ ਅਡਾਨੀਆਂ ਦੇ ਪਰੋਸੇ ਝੂਠ ਦਾ ਪਰਦਾਫਾਸ਼ ਕਰਨ ਲਈ ਮੁਹਿੰਮ ਲਾਮਬੰਦ ਕੀਤੀ ਜਾਵੇਗੀ।
‘ਕਾਰਪੋਰੇਟੋ ਖੇਤੀ ਛੱਡੋ-ਭਾਰਤ ਛੱਡੋ’ ਦੇ ਨਾਅਰੇ ਬੁਲੰਦ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਸਥਾਨਕ ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ ਅੱਜ 313ਵੇਂ ਦਿਨ ਵੀ ਜਾਰੀ ਰਿਹਾ। ਆਜ਼ਾਦੀ ਅੰਦੋਲਨ ਦੌਰਾਨ ਭਾਰਤ ਛੱਡੋ ਅੰਦੋਲਨ ਦੀ 80ਵੀਂ ਵਰ੍ਹੇਗੰਢ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ‘ਅੰਗਰੇਜ਼ੋਂ ਭਾਰਤ ਛੱਡੋ ਦੀ ਤਰਜ਼’ ਉੱਤੇ ‘ਕਾਰਪੋਰੇਟੋ ਖੇਤੀ ਛੱਡੋ-ਭਾਰਤ ਛੱਡੋ’ ਦਾ ਨਾਅਰਾ ਬੁਲੰਦ ਕੀਤਾ ਗਿਆ। ਇਸ ਸਮੇਂ ਅੱਜ ਦੇ ਦਿਨ ਗਦਰੀ ਲਹਿਰ ਦੇ ਸ਼ਹੀਦ ਹੋਏ ਯੋਧਿਆਂ ਕਾਲਾ ਸਿੰਘ, ਹਰਨਾਮ ਸਿੰਘ, ਬਲਵੰਤ ਸਿੰਘ, ਆਤਮਾ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ ਬਰਸੀ ਸਮਾਗਮ ’ਤੇ ਇਲਾਕਾ ਵਾਸੀਆਂ ਨੂੰ ਪੁੱਜਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਵੀ ਕਿਸਾਨ ਧਰਨਾ ਜਾਰੀ ਰਿਹਾ। ਇਸ ਨੂੰ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਆਗੂ ਜਸਦੇਵ ਸਿੰਘ ਲਲਤੋਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।