ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਗਸਤ
ਇਥੇ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ, ਓਡੀਐੱਲ 6505 ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਅਤੇ ਓਡੀਐੱਲ (3442, 7654) ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਵੱਲੋਂ ਅੱਜ ਸਿੱਖਿਆ ਮੰਤਰੀ ਦੇ ਨਾਂ ਦੋ ਨੁਕਾਤੀ ਮੰਗ/ਰੋਸ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਨੂੰ ਸੌਂਪਿਆ ਗਿਆ। ਇਹ ਮੰਗ ਪੱਤਰ 180 ਈਟੀਟੀ ਅਧਿਆਪਕਾਂ ਤੇ ਮੂਲ ਭਰਤੀ (4500 ਅਤੇ 2005 ਈਟੀਟੀ ਭਰਤੀ) ਦੀਆਂ ਸੇਵਾ ਸ਼ਰਤਾਂ ਤਹਿਤ ਪੰਜਾਬ ਤਨਖਾਹ ਸਕੇਲ ਤੇ ਪਿਛਲੀ ਸਰਵਿਸ ਦੇ ਸਾਰੇ ਲਾਭ ਬਹਾਲ ਕਰਵਾਉਣ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਭਰਤੀ) ਦੇ 8 ਸਾਲਾਂ ਤੋਂ ਰੋਕੇ ਰੈਗੂਲਰ ਆਰਡਰਾਂ ਨੂੰ ਜਾਰੀ ਕਰਵਾਉਣ ਸਬੰਧੀ ਸੰਘਰਸ਼ ਦੀ ਰੂਪ ਰੇਖਾ ਅਨੁਸਾਰ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਡੀਟੀਐੱਫ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਜਨਰਲ ਸਕੱਤਰ ਰਮਨਜੀਤ ਸਿੰਘ ਸੰਧੂ, 6505 ਈਟੀਟੀ ਜੈ ਸਿੰਘ ਵਾਲਾ ਜ਼ਿਲ੍ਹਾ ਕਮੇਟੀ ਮੈਂਬਰ ਮਨਦੀਪ ਸਿੰਘ , ਓਡੀ ਐੱਲ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਪ੍ਰਭਜੋਤ ਸਿੰਘ, ਰਮੇਸ਼ ਕੁਮਾਰ, ਅਵਤਾਰ ਸਿੰਘ ਖਾਲਸਾ, ਭਾਰਤ ਭੂਸ਼ਨ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਾਲ 2016 ਵਿੱਚ ਹੋਈ 4500 ਅਤੇ 2005 ਈਟੀਟੀ ਅਸਾਮੀਆਂ ਦੀ ਰੈਗੂਲਰ ਭਰਤੀ ਵਿੱਚੋਂ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਕਥਿਤ ਤੌਰ ’ਤੇ ਨਿਯਮਾਂ ਤੋਂ ਉਲਟ ਨਵੇਂ ਕੇਂਦਰੀ ਤਨਖਾਹ ਸਕੇਲ ਮੜ੍ਹ ਦਿੱਤੇ ਗਏ ਹਨ। ਇਸੇ ਤਰ੍ਹਾਂ 3442 ਅਤੇ 7654 ਭਰਤੀਆਂ ਵਿਚਲੇ ਸੈਂਕੜੇ ਹੋਰਨਾਂ ਓਡੀਐੱਲ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ, ਹਜ਼ਾਰਾਂ ਅਧਿਆਪਕਾਂ ਦੀ ਪ੍ਰਮੋਸ਼ਨ ਵੀ ਹੋ ਚੁੱਕੀ ਹੈ, ਪ੍ਰੰਤੂ ਬੇਇਨਸਾਫ਼ੀ ਅਤੇ ਪੱਖਪਾਤ ਕਰਦਿਆਂ 125 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਤਹਿਤ 8 ਸਾਲਾਂ ਤੋਂ ਪੈਂਡਿੰਗ ਰੱਖਿਆ ਹੋਇਆ ਹੈ। ਹੋਰ ਤਾਂ ਹੋਰ ਸਾਲ 2019 ਵਿੱਚ ਹਾਈ ਕੋਰਟ ਵਲੋਂ ਵੀ ਇਨ੍ਹਾਂ ਅਧਿਆਪਕਾਂ ਦੇ ਪੱਖ ਵਿੱਚ ਫ਼ੈਸਲਾ ਸੁਣਾਉਂਦਿਆਂ ਰੈਗੂਲਰਾਈਜ਼ੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਦੋਨੋਂ ਗੰਭੀਰ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਘੋਰ ਬੇਇਨਸਾਫ਼ੀ ਤੇ ਪੱਖਪਾਤ ਵਾਲੇ ਮੰਨਦੇ ਹੋਏ, ਅੱਜ ਲੁਧਿਆਣਾ ਵਿੱਚ ਜ਼ਿਲ੍ਹਾ ਸਿੱਖਿਆ ਅਫਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਰਾਹੀਂ ਸਮੂਹਿਕ ਰੂਪ ਵਿੱਚ ਸਿੱਖਿਆ ਮੰਤਰੀ ਦੇ ਨਾਂ ਦੋ-ਨੁਕਾਤੀ ਮੰਗ ਪੱਤਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ 13 ਸਤੰਬਰ ਨੂੰ ਵੱਡੇ ਸਮੂਹ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਵਿੱਚ ਪ੍ਰਸ਼ਾਸਨ ਰਾਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਸੰਘਰਸ਼ ਦਾ ਨੋਟਿਸ ਵੀ ਦਿੱਤਾ ਜਾਵੇਗਾ। ਇਸ ਉਪਰੰਤ ਵੀ ਜੇਕਰ ਸਰਕਾਰ ਨੇ ਇਨ੍ਹਾਂ ਮੰਗਾ ਵੱਲ ਧਿਆਨ ਨਹੀਂ ਦਿੱਤਾ ਤਾਂ 25 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਆਨੰਦਪੁਰ ਸਾਹਿਬ ’ਚ ਸੂਬੇ ਭਰ ’ਚੋਂ ਅਧਿਆਪਕਾਂ ਦੀ ਸ਼ਮੂਲੀਅਤ ਵਾਲੀ ‘ਇਨਸਾਫ ਰੈਲੀ’ ਕੀਤੀ ਜਾਵੇਗੀ ਤੇ ਮੰਗਾਂ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਨਾ ਮਿਲਣ ਦੀ ਸੂਰਤ ’ਚ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।