ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 31 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਪੰਜਾਬ ਨਾਲ ਸਬੰਧਤ ਬੀਬੀਆਂ ਦਾ ਜਥਾ ਬਲਾਕ ਸਮਿਤੀ ਦੀ ਸਾਬਕਾ ਮੈਂਬਰ ਗੁਰਦੀਪ ਕੌਰ ਦੀ ਅਗਵਾਈ ਹੇਠ ਇੱਥੇ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ। ਇਸ ਸਮੇਂ ਸੌਂਪੇ ਮੰਗ ਪੱਤਰ ਵਿੱਚ ਪਿੰਡ ਮਾਣੂੰਕੇ ਵਿਚ ਪਾਣੀ ਪੈਣ ਨਾਲ ਕਟਾਈ ਲਈ ਤਿਆਰ ਖੜ੍ਹੇ ਝੋਨੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਇਸ ਸਬੰਧੀ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ। ਬੀਬੀਆਂ ਨੇ ਮਹਿਲਾ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਸਰਪੰਚ ਨੇ ਛੱਪੜ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਟੁੱਟੇ ਹੋਏ ਨਾਲੇ ਕਰ ਕੇ ਪਾਣੀ ਉਨ੍ਹਾਂ ਦੀ ਪੰਜ ਏਕੜ ਝੋਨੇ ਦੀ ਕਟਾਈ ਲਈ ਤਿਆਰ ਖੜ੍ਹੀ ਫ਼ਸਲ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਕਿਹਾ ਕਿ 25 ਮਈ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਦਰਖ਼ਾਸਤ ਦਿੱਤੀ ਹੋਈ ਸੀ ਕਿ ਨਾਲ ਵਿੱਚੋਂ ਰਿਸਦਾ ਪਾਣੀ ਬੰਦ ਕਰਵਾਇਆ ਜਾਵੇ। ਇਸ ‘ਚ ਔਰਤਾਂ ਲਈ ਰਾਖਵੀਂ ਜਗ੍ਹਾ ਵਿੱਚ ਦਰੱਖਤ ਲਾਉਣ ਦਾ ਮਸਲਾ ਵੀ ਚੁੱਕਿਆ ਗਿਆ ਸੀ। ਇਸ ਸਬੰਧੀ 27 ਅਕਤੂਬਰ ਨੂੰ ਫਿਰ ਬੀਡੀਪੀਓ ਦਫ਼ਤਰ ਵਿੱਚ ਮਿਲ ਕੇ ਸਮੱਸਿਆ ਹੱਲ ਕਰਨ ਦੀ ਅਪੀਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਪਾਣੀ ਦਾਖ਼ਲ ਹੋਣ ਕਾਰਨ ਜਿੱਥੇ ਝੋਨੇ ਦੀ ਕਟਾਈ ਵਿੱਚ ਦੇਰੀ ਹੋ ਰਹੀ ਹੈ, ਉਥੇ ਕਣਕ ਦੀ ਬਿਜਾਈ ਵੀ ਪਛੜ ਜਾਵੇਗੀ ਜਿਸ ਕਾਰਨ ਝਾੜ ’ਤੇ ਅਸਰ ਪਵੇਗਾ। ਇਸ ਲਈ ਫੌਰੀ ਖੇਤੀਬਾੜੀ ਵਿਭਾਗ ਦੀ ਡਿਊਟੀ ਲਾਈ ਜਾਵੇ ਅਤੇ ਜਾਇਜ਼ਾ ਲੈ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਪਹਿਲਾਂ ਦਿੱਤੀਆਂ ਦਰਖ਼ਾਸਤਾਂ ’ਤੇ ਕਾਰਵਾਈ ਕਰਦੇ ਹੋਏ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਨੂੰ ਵੀ ਜਵਾਬਦੇਹ ਬਣਾਇਆ ਜਾਵੇ।