ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਕਤੂਬਰ
ਸਰਕਾਰੀ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਮੰਨਵਾਉਣ ਲਈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦਾ ਵਫ਼ਦ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਅਤੇ ਮੀਤ ਪ੍ਰਧਾਨ ਜਗਦੀਪ ਸਿੰਘ ਜੌਹਲ ਦੀ ਅਗਵਾਈ ਵਿੱਚ ਡੀਪੀਆਈ (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ ਨੂੰ ਮਿਲਿਆ। ਪ੍ਰੈੱਸ ਸਕੱਤਰ ਐੱਨਡੀ ਤਿਵਾੜੀ ਨੇ ਦੱਸਿਆ ਕਿ ਵਫ਼ਦ ਨੇ ਖਾਲੀ ਰਹਿ ਗਈਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਅਸਾਮੀਆਂ ਨੂੰ ਪਦਉਨਤੀ ਰਾਹੀਂ ਭਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਬਦਲੀਆਂ ਦਾ ਈ-ਪੋਰਟਲ ਖੋਲ੍ਹਣ ਤੋਂ ਪਹਿਲਾਂ ਬਦਲੀਆਂ ਰੱਦ ਕਰਵਾਉਣ ਵਾਲਾ ਪੋਰਟਲ ਖੋਲ੍ਹਣ ’ਤੇ ਜ਼ੋਰ ਦਿੱਤਾ ਗਿਆ। ਸਾਰੇ ਜ਼ਿਲ੍ਹਾ ’ਚ ਮੁੱਖ ਅਧਿਆਪਕਾਂ/ਸੈਂਟਰ ਹੈੱਡ ਟੀਚਰ ਅਤੇ ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਛੇਤੀ ਕਰਨ ਦੀ ਵੀ ਮੰਗ ਕੀਤੀ। ਬੀਪੀਈਓਜ਼ ਦੀਆਂ ਤਰੱਕੀਆਂ ਸੀਐੱਚਟੀ ਦੀ ਜ਼ਿਲ੍ਹਾ ਪੱਧਰੀ ਸੀਨੀਆਰਤਾ ਨੂੰ ਮੁੱਖ ਰੱਖ ਕੇ ਕਰਨ, ਇੱਕ ਲੱਖ ਤੋਂ ਘੱਟ ਅਦਾਇਗੀਆਂ ਅਤੇ ਮਿੱਡ-ਡੇਅ ਮੀਲ ਦੀ ਸਮੁੱਚੀ ਸਕੀਮ ਨੂੰ ਪੀਐੱਫਐੱਮਐੱਸ ਦੇ ਘੇਰੇ ਵਿੱਚੋਂ ਬਾਹਰ ਕਰਨ ਦੀ ਵੀ ਮੰਗ ਰੱਖੀ ਗਈ।
ਉਨ੍ਹਾਂ ਦੱਸਿਆ ਕਿ ਡੀਪੀਆਈ ਨੇ ਇਨ੍ਹਾਂ ਮੰਗਾਂ ਸਬੰਧੀ ਹਾਂ-ਪੱਖੀ ਹੁੰਗਾਰਾ ਭਰਿਆ ਅਤੇ ਦੱਸਿਆ ਕਿ ਅਧਿਆਪਕਾਂ ਦੀਆਂ ਬਦਲੀਆਂ ਲਈ ਈ-ਪੋਰਟਲ ਅਕਤੂਬਰ ਮਹੀਨੇ ’ਚ ਹੀ ਖੋਲ੍ਹ ਦਿੱਤਾ ਜਾਵੇਗਾ।