ਗੁਰਿੰਦਰ ਸਿੰਘ
ਲੁਧਿਆਣਾ, 13 ਮਈ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪਾਵਰਕੌਮ ਦੇ ਚੀਫ ਇੰਜਨੀਅਰ ਨਾਲ ਮੁਲਾਕਾਤ ਕਰ ਕੇ ਬਿਜਲੀ ਸਬੰਧੀ ਮਸਲੇ ਹੱਲ ਕਰਨ ਦੀ ਮੰਗ ਕੀਤੀ ਗਈ।
ਚੀਫ ਇੰਜਨੀਅਰ ਹਰਜੀਤ ਸਿੰਘ ਗਿੱਲ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਆਲ ਇੰਡੀਆ ਕਿਸਾਨ ਸਭਾ ਦੇ ਚਮਕੌਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਮਹਿੰਦਰ ਸਿੰਘ ਕਮਾਲਪੁਰਾ, ਪੰਜਾਬ ਕਿਸਾਨ ਯੂਨੀਅਨ ਦੇ ਸਮਸ਼ੇਰ ਸਿੰਘ ਆਸੀ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਮਨਦੀਪ ਸਿੰਘ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਲਈ ਨਿਰਵਿਘਨ ਸਪਲਾਈ ਲਈ ਪਾਵਰਕੌਮ ਦੀਆਂ ਲਾਈਨਾਂ ਦੀ ਮੁਰੰਮਤ ਕੀਤੀ ਜਾਵੇ, ਓਵਰਲੋਡ ਟਰਾਂਸਫਾਰਮਰ ਅੰਡਰਲੋਡ ਕੀਤੇ ਜਾਣ, ਸੜੇ ਟਰਾਂਸਫਾਰਮਰ ਬਦਲੇ ਜਾਣ ਅਤੇ ਝੋਨੇ ਦੀ ਪਨੀਰੀ ਵਾਸਤੇ ਸ਼ਾਮ ਨੂੰ ਇਕ ਘੰਟਾ ਬਿਜਲੀ ਦਿੱਤੀ ਜਾਵੇ। ਇਸ ਤੋਂ ਇਲਾਵਾ ਪਿੰਡਾਂ ਦੀ ਸਪਲਾਈ ਚੌਵੀ ਘੰਟੇ ਕਰਨ, ਚਿੱਪ ਵਾਲੇ ਤੇ ਸਮਾਰਟ ਮੀਟਰ ਨਾ ਲਗਾਉਣ, ਮਹਿਕਮੇ ਵਿੱਚ ਮੁਲਾਜ਼ਮਾਂ ਦੀ ਭਰਤੀ ਰੈਗੂਲਰ ਕਰਨ, ਭ੍ਰਿਸ਼ਟ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ।
ਚੀਫ਼ ਇੰਜਨੀਅਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਕਿਸਾਨਾਂ ਨੂੰ ਬਿਜਲੀ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਿਜਲੀ ਸਬੰਧੀ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਅਮਰਜੀਤ ਸਿੰਘ ਸਹਿਜਾਦ, ਸੁਰਜੀਤ ਸਿੰਘ ਸੀਲੋਂ, ਸੁਖਵਿੰਦਰ ਸਿੰਘ ਹੰਬੜਾਂ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਕਰਮ ਸਿੰਘ ਗਰੇਵਾਲ਼ ਆਦਿ ਵੀ ਹਾਜ਼ਰ ਸਨ।