ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਅਕਤੂਬਰ
ਜਮਹੂਰੀ ਕਿਸਾਨ ਸਭਾ ਦੇ ਇੱਕ ਵਫ਼ਦ ਨੇ ਸੀਨੀਅਰ ਪੁਲੀਸ ਕਪਤਾਨ ਵਿਜੀਲੈਂਸ ਰਵਿੰਦਰ ਪਾਲ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਰਾਸ਼ਨ ਡਿਪੂ ਹੋਲਡਰਾਂ ਦੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਦੀ ਮੰਗ ਕੀਤੀ। ਜਥੇਬੰਦੀ ਦੇ ਆਗੂਆਂ ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਤਰਲੋਚਨ ਸਿੰਘ ਘੁੰਗਰਾਣਾ, ਹਰਨੇਕ ਸਿੰਘ ਗੁੱਜਰਵਾਲ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਕੁੱਝ ਵਿਅਕਤੀਆਂ ਦੇ ਆਧਾਰ ਕਾਰਡ ’ਤੇ ਅਣਪਛਾਤੇ ਲੋਕਾਂ ਦੇ ਨਾਮ ਦਰਜ ਕਰਕੇ ਸਰਕਾਰੀ ਰਾਸ਼ਨ ਦੇ ਡਿਪੂਆਂ ਤੇ ਸਰਕਾਰੀ ਰਾਸ਼ਨ ਦੇ ਕਾਰਡ ਬਣਾਏ ਹੋਏ ਹਨ, ਜਿਨ੍ਹਾਂ ਰਾਹੀਂ ਮਿਲਦੀ ਕਣਕ ਡਿਪੂ ਹੋਲਡਰ ਅਤੇ ਅਧਿਕਾਰੀ ਮਿਲੀਭੁਗਤ ਨਾਲ ਖੁਰਦ-ਬੁਰਦ ਕਰ ਰਹੇ ਹਨ।
ਉਨ੍ਹਾਂ ਸ਼ਿਕਾਇਤ ਦੀ ਕਾਪੀ ਐੱਸਐੱਸਪੀ ਵਿਜੀਲੈਸ ਨੂੰ ਸੌਂਪ ਕੇ ਮੰਗ ਕੀਤੀ ਕਿ ਡੇਹਲੋਂ ਤੇ ਪੱਖੋਵਾਲ ਬਲਾਕ ਦੇ ਪਿੰਡਾਂ ਵਿੱਚ ਰਾਸ਼ਨ ਕਾਰਡਾਂ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਡਿਪੂ ਹੋਲਡਰਾਂ ਤੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਐੱਸਐੱਸਪੀ ਵਿਜੀਲੈਸ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।