ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਸਤੰਬਰ
ਫਰਨੀਚਰ ਕਾਰੋਬਾਰੀਆਂ ਦੇ ਵਫਦ ਵੱਲੋਂ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਤੱਕ ਬਣ ਰਹੇ ਫਲਾਈਓਵਰ ਦਾ ਡਿਜ਼ਾਈਨ ਸੋਧਣ ਦੀ ਮੰਗ ਕੀਤੀ ਗਈ। ਇਸ ਵਫ਼ਦ ਵਿੱਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ ਵੀ ਸ਼ਾਮਲ ਹੋਏ। ਵਫ਼ਦ ਨੇ ਗਡਕਰੀ ਦੇ ਦਫ਼ਤਰ ਵਿੱਚ ਕੀਤੀ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਕਈ ਅਜਿਹੇ ਫਲਾਈਓਵਰ ਬਣ ਰਹੇ ਹਨ, ਜਿਸ ਵਿੱਚ ਸਥਾਨਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਲੁਧਿਆਣਾ ਦੇ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਤੱਕ ਬਣ ਰਹੇ ਫਲਾਈਓਵਰ ਕਾਰਨ ਭਾਰਤ ਨਗਰ ਫਰਨੀਚਰ ਮਾਰਕੀਟ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਸ ਨਾਲ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋਣਗੇ।
ਆਗੂਆਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਤੱਕ ਬਣ ਰਹੇ ਫਲਾਈਓਵਰ ਦੇ ਡਿਜ਼ਾਈਨ ਵਿੱਚ ਬਦਲਾਅ ਕੀਤਾ ਜਾਵੇ।
ਕੇਂਦਰੀ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਨੈਸ਼ਨਲ ਹਾਈਵੇਅ ਦੇ ਇੰਜਨੀਅਰਾਂ ਦੀ ਟੀਮ ਲੁਧਿਆਣਾ ਆ ਕੇ ਫਲਾਈਓਵਰ ਦੇ ਡਿਜ਼ਾਈਨ ਦਾ ਮੁਆਇਨਾ ਕਰੇਗੀ ਅਤੇ ਨਵਾਂ ਡਿਜ਼ਾਈਨ ਇਸ ਤਰਾਂ ਬਣਾਇਆ ਜਾਵੇਗਾ ਕਿ ਕੋਈ ਵੀ ਦੁਕਾਨਦਾਰ ਪ੍ਰੇਸ਼ਾਨ ਨਾ ਹੋਵੇ।