ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਜੁਲਾਈ
ਸਨਅਤੀ ਸ਼ਹਿਰ ਦੇ ਸਿਵਲ ਹਸਪਤਾਲ ਦੇ ਅੰਦਰ ਬਣੇ ਨਸ਼ਾ ਛੁਡਾਊ ਕੇਂਦਰ ’ਚ ਦਵਾਈ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨਾਂ ਨੇ ਵੀਰਵਾਰ ਦੀ ਦੁਪਹਿਰ ਨੂੰ ਹਸਪਤਾਲ ਕੰਪਲੈਕਸ ਦੇ ਅੰਦਰ ਕਾਫ਼ੀ ਹੰਗਾਮਾ ਕੀਤਾ। ਨੌਜਵਾਨਾਂ ਦਾ ਦੋਸ਼ ਸੀ ਕਿ ਉਹ ਚਾਰ ਚਾਰ ਘੰਟੇ ਲਾਈਨਾਂ ’ਚ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਖੜ੍ਹੇ ਰਹੇ, ਪਰ ਉਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਗਈ। ਦਵਾਈ ਦੇਣ ਵਾਲੇ ਡਾਕਟਰ ਨੇ ਕਿਹਾ ਸੀ ਕਿ ਉਹ ਸਾਰਿਆਂ ਨੂੰ ਦਵਾਈ ਦੇਣਗੇ ਪਰ ਸਮਾਂ ਖਤਮ ਹੋਣ ਤੋਂ ਬਾਅਦ ਡਾਕਟਰ ਨੇ ਕੈਬਿਨ ਬੰਦ ਕਰ ਦਿੱਤਾ ਤੇ ਕਿਹਾ ਕਿ ਦਵਾਈ ਖਤਮ ਹੋ ਚੁੱਕੀ ਹੈ। ਹੁਣ ਕੱਲ੍ਹ ਨੂੰ ਦਵਾਈ ਮਿਲੇਗੀ ਜਿਸ ਤੋਂ ਬਾਅਦ ਗੁੱਸੇ ’ਚ ਆਏ ਨੌਜਵਾਨਾਂ ਨੇ ਹੰਗਾਮਾ ਕੀਤਾ। ਹਸਪਤਾਲ ਸਟਾਫ਼ ਨੇ ਕਿਸੇ ਤਰ੍ਹਾਂ ਨੌਜਵਾਨਾਂ ਨੂੰ ਸ਼ਾਂਤ ਕੀਤਾ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਦਵਾਈ ਮੁਹੱਈਆ ਕਰਵਾਈ ਜਾਵੇਗੀ।
ਨਸ਼ਾ ਛੱਡਣ ਦੀ ਦਵਾਈ ਲੈਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਪਹਿਲਾਂ ਹਸਪਤਾਲ ’ਚ 15 ਦਿਨ ਦੀ ਦਵਾਈ ਦਿੱਤੀ ਜਾਂਦੀ ਸੀ ਪਰ ਲੌਕਡਾਊਨ ਦੌਰਾਨ ਸੱਤ ਦਿਨ ਦੀ ਕਰ ਦਿੱਤੀ ਗਈ। ਕੁਝ ਸਮਾਂ ਲੰਘਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਸਿਰਫ਼ 5 ਦਿਨ ਦੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਨੌਜਵਾਨਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਦਵਾਈ ਦਿੱਤੀ ਜਾ ਰਹੀ ਹੈ। ਉਹ ਮਿਹਨਤ ਮਜ਼ਦੂਰੀ ਕਰਦੇ ਹਨ, ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਚਾਰ ਚਾਰ ਘੰਟੇ ਉਨ੍ਹਾਂ ਨੂੰ ਬੁਲਾਉਣ ਤੋਂ ਬਾਅਦ ਵੀ ਦਵਾਈ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਿਸ ਵਿਅਕਤੀ ਦੀ ਸਿਫ਼ਾਰਿਸ਼ ਹੁੰਦੀ ਹੈ, ਉਸਨੂੰ ਜਲਦੀ ਹੀ ਦਵਾਈ ਦੇ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਦੇ ਨੌਜਵਾਨ ਲਾਈਨ ’ਚ ਖੜ੍ਹੇ ਰਹਿੰਦੇ ਹਨ। ਵੀਰਵਾਰ ਦੀ ਦੁਪਹਿਰ ਨੂੰ ਜਦੋਂ 2 ਵੱਜੇ ਤਾਂ ਡਾਕਟਰ ਨੇ ਕੇਂਦਰ ਬੰਦ ਕਰ ਦਿੱਤਾ ਤੇ ਕਿਹਾ ਕਿ ਸਾਢੇ ਪੰਜ ਸੌ ਤੋਂ ਉਪਰ ਨੌਜਵਾਨਾਂ ਨੂੰ ਦਵਾਈ ਦੇ ਚੁੱਕੇ ਹਨ। ਉਧਰ, ਸਿਵਲ ਹਸਪਤਾਲ ਦੇ ਐੱਸਐੱਮਓ ਡਾ.ਅਮਰਜੀਤ ਕੌਰ ਨੇ ਦੱਸਿਆ ਕਿ ਕਿਸੇ ਨੂੰ ਵੀ ਸਿਫ਼ਾਰਿਸ਼ ’ਤੇ ਦਵਾਈ ਨਹੀਂ ਦਿੱਤੀ ਗਈ। ਜੋ ਲੋਕ ਸਮਾਜਿਕ ਦੂਰੀ ਦੇ ਨਾਲ ਲਾਈਨ ’ਚ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਦਵਾਈ ਜ਼ਰੂਰ ਦਿੱਤੀ ਜਾਂਦੀ ਹੈ। ਜ਼ਿਆਦਾ ਭੀੜ ਹੋਣ ਕਾਰਨ ਕੁਝ ਲੋਕ ਦਵਾਈ ਤੋਂ ਵਾਂਝੇ ਰਹਿ ਗਏ। ਜੋ ਰੌਲਾ ਪਾ ਰਹੇ ਹਨ, ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਪਹਿਲ ਦੇ ਆਧਾਰ ’ਤੇ ਦਵਾਈ ਦੇ ਦਿੱਤੀ ਜਾਵੇਗੀ।