ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਪਰੈਲ
ਮੇਹਰਬਾਨ ਦੇ ਪਿੰਡ ਸੁਜਾਤਵਾਲ ਇਲਾਕੇ ’ਚ ਕੁਝ ਨੌਜਵਾਨਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਕੁੱਟਮਾਰ ਕਰਕੇ ਜ਼ਖ਼ਮੀ ਕੀਤੀ ਗਰਭਵਤੀ ਔਰਤ ਦਾ ਸਿਵਲ ਹਸਪਤਾਲ ਪੁੱਜਣ ’ਤੇ ਇਲਾਜ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਦੇਰ ਰਾਤ ਤੋਂ ਸਵੇਰ ਤੱਕ ਪੀੜਤ ਨੈਨਸੀ ਤੜਫਦੀ ਰਹੀ। ਉਸ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ ਤੇ ਦਾਖਲ ਤੱਕ ਵੀ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਪੀੜਤ ਅਤੇ ਉਸਦੇ ਪਰਿਵਾਰ ਨੇ ਰੌਲਾ ਪਾਇਆ ਤਾਂ ਮੀਡੀਆ ਇਕੱਠਾ ਹੋਣ ਤੋਂ ਬਾਅਦ ਪੀੜਤਾ ਨੂੰ ਹਸਪਤਾਲ ’ਚ ਦਾਖਲ ਕੀਤਾ ਗਿਆ।
ਮੇਹਰਬਾਨ ਦੇ ਪਿੰਡ ਸੁਜਾਤਵਾਲ ਦੀ ਰਹਿਣ ਵਾਲੀ ਨਾਨਕੀ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਉਸ ਦਾ ਮਾਮਾ ਗੁਰਨਾਮ ਸਿੰਘ ਘਰ ਆਇਆ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਉਸ ਦੇ ਮਾਮੇ ’ਤੇ ਹਮਲਾ ਕਰ ਦਿੱਤਾ, ਜਦੋਂ ਉਹ ਤੇ ਉਸ ਦੀ ਭੈਣ ਨੈਨਸੀ ਬਚਾਅ ਲਈ ਗਈਆਂ ਤਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਨਾਨਕੀ ਨੇ ਦੱਸਿਆ ਕਿ ਨੈਨਸੀ 2 ਮਹੀਨੇ ਦੀ ਗਰਭਵਤੀ ਹੈ। ਮੁਲਜ਼ਮਾਂ ਨੇ ਉਸਦੇ ਢਿੱਡ ’ਚ ਲੱਤਾਂ ਮਾਰੀਆਂ, ਜਿਸ ਕਾਰਨ ਉਹ ਡਿੱਗ ਪਈ, ਜਿਸ ਤੋਂ ਬਾਅਦ ਨੈਨਸੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਰਾਤ ਭਰ ਐਮਰਜੈਂਸੀ ’ਚ ਉਹ ਬਾਹਰ ਬੈਠ ਕੇ ਉਡੀਕ ਕਰਦੇ ਰਹੇ। ਇਸ ਤੋਂ ਕੁਝ ਦੇਰ ਬਾਅਦ ਉਨ੍ਹਾਂ ਨੂੰ ਜੱਚਾ-ਬੱਚਾ ਵਿਭਾਗ ’ਚ ਭੇਜਿਆ ਗਿਆ, ਜਿਥੇ ਸਟਾਫ਼ ਨੇ ਪਹਿਲਾਂ ਦਾਖਲ ਨਹੀਂ ਕੀਤਾ ਤੇ ਕਾਫ਼ੀ ਦੇਰ ਬਾਅਦ ਨੈਨਸੀ ਨੂੰ ਦਾਖਲ ਕੀਤਾ ਤੇ ਫਿਰ ਜਿਸ ਬੈੱਡ ’ਤੇ ਉਸ ਨੂੰ ਲਿਟਾਇਆ ਗਿਆ, ਉਥੇ ਪਹਿਲਾਂ ਹੀ ਇੱਕ ਔਰਤ ਪਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਸਟਾਫ਼ ਨੇ ਬੁਰਾ ਵਿਵਹਾਰ ਕੀਤਾ ਤੇ ਸਮੇਂ ’ਤੇ ਸਹੀ ਇਲਾਜ ਨਹੀਂ ਕੀਤਾ। ਸਵੇਰੇ ਸਟਾਫ਼ ਨੇ ਉਨ੍ਹਾਂ ਨੂੰ ਸਕੈਨ ਕਰਵਾਉਣ ਲਈ ਆਖਿਆ ਪਰ ਹਸਪਤਾਲ ’ਚ ਛੁੱਟੀ ਕਾਰਨ ਸਕੈਨ ਵਿਭਾਗ ਬੰਦ ਸੀ, ਜਦੋਂ ਉਹ ਬਾਹਰੋਂ ਸਕੈਨ ਕਰਵਾਉਣ ਗਏ ਤਾਂ ਬਾਹਰੀ ਡਾਕਟਰ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਹਸਪਤਾਲ ਦੇ ਡਾਕਟਰ ਨੇ ਪਰਚੀ ’ਤੇ ਸਕੈਨ ਬਾਰੇ ਨਹੀਂ ਲਿਖਿਆ ਸੀ। ਉਹ ਫਿਰ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਕੀਤਾ ਗਿਆ।
ਕੀ ਕਹਿੰਦੇ ਨੇ ਸਿਵਲ ਸਰਜਨ
ਸਿਵਲ ਸਰਜਨ ਡਾ. ਐੱਸਪੀ ਸਿੰਘ ਅਨੁਸਾਰ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਜੇਕਰ ਅਜਿਹਾ ਕੀਤਾ ਗਿਆ ਹੈ ਤਾਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਨਾਲੋਂ ਹੁਣ ਜ਼ਿਆਦਾ ਸਟਾਫ਼ ਹੈ ਅਤੇ ਅਜਿਹਾ ਜੇਕਰ ਹੋਇਆ ਹੈ ਤਾਂ ਸਟਾਫ਼ ਦੀ ਗਲਤੀ ਹੈ, ਜਿਸ ਦੀ ਉਹ ਜਾਂਚ ਕਰਵਾਉਣਗੇ। ਹਾਲਾਂਕਿ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਡਾ. ਅਮਰਜੀਤ ਕੌਰ ਤੋਂ ਮਾਮਲੇ ਬਾਰੇ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।