ਪੱਤਰ ਪ੍ਰੇਰਕ
ਜਗਰਾਉਂ, 25 ਸਤੰਬਰ
ਇਥੇ ਸਰਕਾਰੀ ਸਿਵਲ ਹਸਪਤਾਲ ’ਚ ਤਾਇਨਤ ਡਾਕਟਰ ਨਾਲ ਇੱਕ ਪ੍ਰਾਪਰਟੀ ਡੀਲਰ ਵੱਲੋਂ 6.5 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੀੜਤ ਡਾ. ਮਨਪ੍ਰੀਤ ਸਿੰਘ ਵਾਸੀ ਗੁਰੂ ਨਾਨਕ ਨਗਰੀ ਨੇ ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਸ਼ਹਿਰ ਦੇ ‘ਫਤਿਹ ਰੀਅਲ ਅਸਟੇਟ’ ਨਾਮਕ ਪ੍ਰਾਪਰਟੀ ਡੀਲਰ ਕੁਲਦੀਪ ਸਿੰਘ ਢਿੱਲੋਂ ਨੇ ਉਸਨੂੰ ‘ਨਿਊ ਸਿਟੀ ਇਨਕਲੇਵ’ (ਜਗਰਾਉਂ ’ਚ) ਛੇ ਵਿਸਵੇ ਦਾ ਇੱਕ ਪਲਾਟ ਲੈ ਕੇ ਦੇਣ ਲਈ ਪਲਾਟ ਦੇ ਮਾਲਕ ਰਾਜੇਸ਼ ਕੁਮਾਰ ਨਾਲ ਪ੍ਰਤੀ ਵਿਸਵਾ 5 ਲੱਖ ਦਾ ਸੌਦਾ ਕਰਵਾਇਆ। ਬਿਆਨੇ ਦੇ ਤੌਰ ’ਤੇ ਡਾ. ਮਨਪ੍ਰੀਤ ਸਿੰਘ ਨੇ ਕੁਲਦੀਪ ਸਿੰਘ ਢਿੱਲੋਂ ਦੇ ਅਕਾਊਂਟ ’ਚ 6.5 ਲੱਖ ਰੁਪਏ ਰਾਜੇਸ਼ ਕੁਮਾਰ ਨੂੰ ਦੇਣ ਲਈ ਪਾਏ। ਜਦੋਂ ਪਲਾਟ ਦੀ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਕੁਲਦੀਪ ਸਿੰਘ ਢਿੱਲੋਂ ਪੈਸੇ ਦੇਣ ਤੋਂ ਮੁੱਕਰ ਗਿਆ। ਪੁਲੀਸ ਵੱਲੋਂ ਡੀਸਰ ਦੀ ਭਾਲ ਕੀਤੀ ਜਾ ਰਹੀ ਹੈ।