ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਜੂਨ
ਜਗਰਾਉਂ ਦਾਣਾ ਮੰਡੀ ’ਚ ਕਣਕ ਤੋਂ ਬਾਅਦ ਹੁਣ ਮੂੰਗੀ ਦੀ ਪ੍ਰਤੀ ਬੋਰੀ ਪਿੱਛੇ ਦੋ ਕਿਲੋ ਵੱਧ ਮੂੰਗੀ ਤੋਲਣ ਦਾ ਮਾਮਲਾ ਅੱਜ ਦੂਜੇ ਧੜੇ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਅਸਤੀਫ਼ੇ ਦੇਣ ਨਾਲ ਪੂਰੀ ਤਰ੍ਹਾਂ ਗਰਮਾ ਗਿਆ। ਬੀਤੇ ਕੱਲ੍ਹ ਇਕ ਆੜ੍ਹਤੀ ਆਗੂ ਵੱਲੋਂ ਪ੍ਰਤੀ ਨਗ ਦੋ ਕਿੱਲੋ ਵੱਧ ਮੂੰਗੀ ਤੋਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਦਬਾਉਣ ਦੀ ਹਾਲੇ ਕੋਸ਼ਿਸ਼ ਹੀ ਹੋ ਰਹੀ ਸੀ ਕਿ ਦੂਜੇ ਧੜੇ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਸਿੱਧੂ ਨੇ ਇਸ ਮਾਮਲੇ ਨੂੰ ਆਧਾਰ ਬਣਾ ਕੇ ਅਸਤੀਫ਼ੇ ਦੇ ਦਿੱਤੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਸਿੱਧੂ ਨੇ ਸਰਪ੍ਰਸਤ ਨੂੰ ਭੇਜੇ ਅਸਤੀਫ਼ੇ ’ਚ ਕਿਹਾ ਹੈ ਕਿ ਉਹ ਕ੍ਰਮਵਾਰ 11 ਅਤੇ 21 ਸਾਲ ਤੋਂ ਇਸ ਅਹੁਦੇ ’ਤੇ ਰਹਿ ਕੇ ਈਮਾਨਦਾਰੀ, ਸਾਫਗੋਈ ਨਾਲ ਆੜ੍ਹਤੀ ਹਿੱਤਾਂ ਲਈ ਕੰਮ ਕਰਦੇ ਆ ਰਹੇ ਹਨ। ਪਿਛਲੇ ਸਾਲ ਐਸੋਸੀਏਸ਼ਨ ਦੋਫਾੜ ਹੋ ਗਈ ਜਿਸ ਮਗਰੋਂ ਦੂਜੇ ਧੜੇ ਨੇ ਨਵੀਂ ਆੜ੍ਹਤੀ ਐਸੋਸੀਏਸ਼ਨ ਬਣਾ ਲਈ ਪਰ ਨਾਂ ਨਹੀਂ ਬਦਲਿਆ। ਕਣਕ ਤੋਂ ਬਾਅਦ ਹੁਣ ਮੂੰਗੀ ’ਚ ਪ੍ਰਤੀ ਬੋਰੀ ਦੋ ਕਿਲੋ ਵੱਧ ਤੋਲ ਦਾ ਮਾਮਲਾ ਉਜਾਗਰ ਹੋਣ ਦੀਆਂ ਜਿਹੜੀਆਂ ਖ਼ਬਰਾਂ ਸਾਹਮਣੇ ਆਈਆਂ ਉਨ੍ਹਾਂ ’ਚ ਆੜ੍ਹਤੀ ਐਸੋਸੀਏਸ਼ਨ ਦਾ ਆਗੂ ਦੱਸਣ ਨਾਲ ਉਨ੍ਹਾਂ ਨੂੰ ਭਾਰੀ ਠੇਸ ਪਹੁੰਚੀ ਜਦਕਿ ਉਨ੍ਹਾਂ ਦੀ ਐਸੋਸੀਏਸ਼ਨ ਦਾ ਇਸ ਨਾਲ ਕੋਈ ਸਬੰਧ ਨਹੀਂ। ਇਸ ਲਈ ਮਾਨਸਿਕ ਤੌਰ ’ਤੇ ਦੁਖੀ ਹੋ ਕੇ ਇਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।