ਗਗਨਦੀਪ ਅਰੋੜਾ
ਲੁਧਿਆਣਾ, 19 ਜੁਲਾਈ
ਉਪਕਾਰ ਨਗਰ ਇਲਾਕੇ ’ਚ ਘਰ ਵਿੱਚ ਕੰਮ ਕਰਨ ਵਾਲੀ ਨਾਬਾਲਗ ਵੱਲੋਂ ਖੁਦਕੁਸ਼ੀ ਕਰਨ ਦੇ ਦੂਸਰੇ ਦਿਨ ਵੀ ਪਰਿਵਾਰ ਵਾਲਿਆਂ ਨੇ ਕਾਫ਼ੀ ਹੰਗਾਮਾ ਕੀਤਾ। ਹੰਗਾਮਾ ਤੋਂ ਬਾਅਦ ਪੁਲੀਸ ਨੇ ਦੇਰ ਸ਼ਾਮ ਘਰ ਦੇ ਮਾਲਕ ਅਜੈ ਸ਼ਰਮਾ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ। ਬੀਤੀ ਦੇਰ ਰਾਤ ਹੰਗਾਮੇ ਤੋਂ ਬਾਅਦ ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਸਿਵਲ ਹਸਪਤਾਲ ਪੁੱਜ ਗਏ। ਜਿਨ੍ਹਾਂ ਨੂੰ ਦੇਖਦੇ ਹੋਏ ਪੁਲੀਸ ਨੇ ਹਸਪਤਾਲ ਨੂੰ ਪੁਲੀਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਨਾਬਾਲਗ ਦਾ ਪੋਸਟਮਾਰਟਮ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ, ਬਾਅਦ ’ਚ ਮੰਨੇ ਤਾਂ ਉਹ ਸਿਵਲ ਹਸਪਤਾਲ ਪ੍ਰਦਰਸ਼ਨ ਕਰਨ ਲੱਗ ਗਏ। ਉਨ੍ਹਾਂ ਨੇ ਲਾਸ਼ ਨਹੀਂ ਲਈ ਤੇ ਸਿੱਧਾ ਕੁੰਦਨਪੁਰੀ ਪ੍ਰਦਰਸ਼ਨ ਕਰਨ ਪੁੱਜ ਗਏ। ਉਥੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ, ਪਰ ਉਹ ਬਿਨਾਂ ਕੁਝ ਗੱਲ ਕੀਤੇ ਹੀ ਸਿੱਧਾ ਪੁਰਾਣੀ ਕਚਹਿਰੀ ਰੋਡ ’ਤੇ ਫਿਰ ਭਾਰਤ ਨਗਰ ਚੌਕ ਪੁੱਜ ਗਏ। ਉਹ ਸਾਰਾ ਦਿਨ ਪੁਲੀਸ ਨੂੰ ਇੱਧਰ ਉਧਰ ਘੁੰਮਾਉਂਦੇ ਰਹੇ। ਜਦੋਂ ਉਹ ਮਾਲ ਰੋਡ ’ਤੇ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਹਲਕਾ ਲਾਠੀਚਾਰਜ ਵੀ ਕੀਤਾ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨਾਲ ਮ੍ਰਿਤਕਾ ਦੇ ਸਕੇ ਸਬੰਧੀਆਂ ਦੀ ਖਿੱਚ-ਧੂਹ ਵੀ ਹੋਈ। ਇਸ ਤੋਂ ਬਾਅਦ ਨਾਬਾਲਗ ਦੇ ਪਰਿਵਾਰ ਵਾਲੇ ਗੱਲ ਕਰਨ ਲਈ ਅੱਗੇ ਆਏ। ਪੁਲੀਸ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਇਸ ਮਾਮਲੇ ’ਚ ਘਰ ਮਾਲਕ ਅਜੈ ਸ਼ਰਮਾ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਬਾਕੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੂੰ ਭਰੋਸੇ ’ਚ ਲੈ ਕੇ ਸਸਕਾਰ ਕਰਵਾਇਆ ਜਾਵੇਗਾ।
ਨਾਬਾਲਗ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੀਤੀ ਕਾਰਵਾਈ
ਥਾਣਾ ਡਿਵੀਜ਼ਨ ਨੰ. 8 ਦੀ ਪੁਲੀਸ ਨੇ ਨਾਬਾਲਿਗ ਕਾਜਲ ਦੇ ਪਿਤਾ ਮਟਰੀ ਦੀ ਸ਼ਿਕਾਇਤ ’ਤੇ ਘਰ ਮਾਲਕ ਅਜੈ ਸ਼ਰਮਾ ’ਤੇ ਕਈ ਗੰਭੀਰ ਦੋਸ਼ ਲਾਏ ਹਨ। ਆਪਣੇ ਬਿਆਨ ’ਚ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਜੈ ਸ਼ਰਮਾ ਨੇ ਉਸ ਦੀ ਬੱਚੀ ਨਾਲ ਛੇੜਛਾੜ ਕੀਤੀ ਸੀ। ਜਿਸ ਬਾਰੇ ਬੱਚੀ ਨੇ ਦੱਸਿਆ ਸੀ। ਇਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਅਜੈ ਸ਼ਰਮਾ ਨੇ ਉਸ ਦੀ ਲੜਕੀ ਨੂੰ ਕੱਢਣ ਦੀ ਗੱਲ ਕੀਤੀ ਸੀ ਤੇ ਆਪਣਾ ਜੁਰਮ ਲੁਕਾਉਣ ਲਈ ਅਜੈ ਸ਼ਰਮਾ ਨੇ ਉਸ ਦੀ ਬੱਚੀ ਦਾ ਕਤਲ ਕਰਕੇ ਲਾਸ਼ ਨੂੰ ਲਟਕਾ ਦਿੱਤਾ ਹੈ।
ਤਿੰਨ ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ
ਇਸ ਮਾਮਲੇ ’ਚ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਨਾਬਾਲਿਗ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਡਾ. ਚਰਨ ਕੰਵਲ, ਡਾ. ਹਰਪ੍ਰੀਤ ਅਤੇ ਡਾ. ਸੁਖਜਿੰਦਰ ਕੌਰ ਦੀ ਅਗਵਾਈ ’ਚ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ। ਜਿਸ ’ਚ ਇਹ ਪਤਾ ਲੱਗਿਆ ਹੈ ਕਿ ਨਾਬਾਲਗ ਦੇ ਸਰੀਰ ’ਤੇ ਕਿਸੇ ਤਰ੍ਹਾਂ ਦਾ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ। ਇਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਨਾਬਾਲਗ ਦੇ ਖੱਬੇ ਹੱਥ ’ਤੇ ਖੂਨ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਵਿਸਰਾ ਤੇ ਬੱਚੀ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਬਾਕੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।