ਲੁਧਿਆਣਾ: ਥਾਣਾ ਡੇਹਲੋਂ ਦੀ ਪੁਲੀਸ ਨੇ ਜਾਇਦਾਦ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਤਹਿਤ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਜਰਗੜੀ ਵਾਸੀ ਸੁਖਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਧੂਰਕੋਟ ਵਾਸੀ ਧਨਵੰਤ ਸਿੰਘ ਤੋਂ 77 ਕਨਾਲ 15 ਮਰਲੇ ਜ਼ਮੀਨ ਆਪਣੇ ਭਾਈਵਾਲਾਂ ਗੁਰਦੀਪ ਸਿੰਘ ਅਤੇ ਹਰਦੀਪ ਸਿੰਘ ਨਾਲ ਰਲ ਕੇ 27 ਲੱਖ 25 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖ਼ਰੀਦੀ ਸੀ। ਇਸ ਸਬੰਧ ਵਿੱਚ ਧਨਵੰਤ ਸਿੰਘ ਨੂੰ 50 ਲੱਖ ਰੁਪਏ ਬਿਆਨਾ ਵੀ ਦਿੱਤਾ ਗਿਆ ਸੀ ਪਰ ਧਨਵੰਤ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੌਰ ਨੇ ਉਸ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ