ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਸਤੰਬਰ
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਜਬਰ-ਜਨਾਹ ਦੀ ਸ਼ਿਕਾਇਤ ’ਤੇ ਦੋ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ। ਮੁਸਲਿਮ ਕਲੋਨੀ ਵਿੱਚ ਰਹਿੰਦੀ 20 ਸਾਲਾ ਪੀੜਤਾ ਨੇ ਦੱਸਿਆ ਕਿ ਉਹ ਮੋਤੀ ਨਗਰ ਵਿੱਚ ਬਿਊਟੀ ਪਾਰਲਰ ਦਾ ਕੰਮ ਸਿੱਖਣ ਲਈ ਜਾਂਦੀ ਸੀ। ਉਸ ਨੇ ਦੋਸ਼ ਲਾਇਆ ਕਿ ਦੁਪਹਿਰ ਸਮੇਂ ਜਦੋਂ ਉਹ ਆਪਣੇ ਘਰ ਇਕੱਲੀ ਸੀ ਤਾਂ ਵਿਹੜੇ ਵਿੱਚ ਰਹਿੰਦਾ ਬਹਾਦਰ ਸਿੰਘ ਉਸਦੇ ਕਮਰੇ ਵਿੱਚ ਆਇਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਉਸ ਵੱਲੋਂ ਇਹ ਗੱਲ ਕਿਸੇ ਨੂੰ ਨਾ ਦੱਸਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਭਰਾ ਨਰਿੰਦਰ ਸਿੰਘ ਵੀ ਉਸ ਕੋਲ ਇਤਰਾਜ਼ਯੋਗ ਤਸਵੀਰਾਂ ਹੋਣ ਦੀ ਗੱਲ ਕਰ ਕੇ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ ਅਤੇ ਤਸਵੀਰਾਂ ਡਿਲੀਟ ਕਰਨ ਦੇ ਬਹਾਨੇ ਉਸਨੂੰ ਚੰਡੀਗੜ੍ਹ ਲੈ ਗਿਆ ਤੇ ਉੱਥੇ ਉਸ ਨਾਲ ਜਬਰ-ਜਨਾਹ ਕੀਤਾ। ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੋਵਾਂ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਬਹਾਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਨਰਿੰਦਰ ਸਿੰਘ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।