ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਗਸਤ
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਤਿੰਨ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਬਾਰੇ ਛਾਬੜਾ ਕਲੂਨੀ ਪੱਖੋਵਾਲ ਰੋਡ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਮੈਨਸਨ ਇੰਟਰਨੈਸ਼ਨਲ ਕੰਪਨੀ ਦਸਮੇਸ਼ ਨਗਰ ਵਿੱਚ ਹੈ, ਜਿਥੇ ਸਾਈਕਲ ਦੇ ਪੁਰਜ਼ੇ ਬਣਦੇ ਹਨ। ਉਨ੍ਹਾਂ ਦੱਸਿਆ ਕਿ ਰਮੇਸ਼ ਕੁਮਾਰ ਮਾਲਕ ਸਨਸ਼ਾਈਨ ਟਰੇਡਰਜ਼ ਨੇ ਫੋਨ ’ਤੇ ਮਾਲ ਦਾ ਆਰਡਰ ਦਿੱਤਾ ਅਤੇ ਬਣਦੀ ਕੁੱਲ 2.79 ਲੱਖ ਦਾ ਚੈੱਕ ਦੇ ਕੇ ਡਿਲੀਵਰੀ ਲੈ ਲਈ। ਚੈੱਕ ਲਾਉਣ ’ਤੇ ਪਤਾ ਲੱਗਿਆ ਕਿ ਇਹ ਚੈੱਕ ਗੌਰਵ ਕੁਮਾਰ ਦੇ ਬੰਦ ਹੋਏ ਖਾਤੇ ਦਾ ਸੀ। ਥਾਣੇਦਾਰ ਰਣਬੀਰ ਸਿੰਘ ਨੇ ਦੱਸਿਆ ਕਿ ਪੜਤਾਲ ਮਗਰੋਂ ਰਮੇਸ਼ ਵਾਸੀ ਮਨਜੀਤ ਨਗਰ, ਅਨੁਜ ਵਾਸੀ ਕੇਸ਼ਵ ਨਗਰ ਤੇ ਗੌਰਵ ਵਾਸੀ ਸ਼ਿਮਲਾਪੁਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।