ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਸਤੰਬਰ
ਇੱਥੋਂ ਨੇੜਲੇ ਪਿੰਡ ਰਾਣਵਾਂ ਵਿੱਚ ਨੌਜਵਾਨ ਗੁਰਦੀਪ ਸਿੰਘ (30) ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ ਅਤੇ ਉਸ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਪੁਲੀਸ ਨੇ ਪਿੰਡ ਦੀ ਹੀ ਵਸਨੀਕ ਰਾਜਵਿੰਦਰ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਗੁਰਦੀਪ ਸਿੰਘ ਦੁਬਈ ਵਿੱਚ ਰੁਜ਼ਗਾਰ ਕਰਦਾ ਸੀ ਅਤੇ ਕਰੀਬ ਢਾਈ ਸਾਲ ਪਹਿਲਾਂ ਹੀ ਵਾਪਸ ਆਇਆ ਸੀ। ਬਿਆਨਕਰਤਾ ਅਨੁਸਾਰ ਜਦੋਂ ਗੁਰਦੀਪ ਸਿੰਘ ਵਿਦੇਸ਼ ਰਹਿੰਦਾ ਸੀ ਤਾਂ ਉਹ ਆਪਣੀ ਕਮਾਈ ਦੇ ਪੈਸੇ ਪਿੰਡ ਵਿੱਚ ਰਹਿੰਦੀ ਰਾਜਵਿੰਦਰ ਕੌਰ ਨੂੰ ਭੇਜਦਾ ਸੀ ਕਿਉਂਕਿ ਉਨ੍ਹਾਂ ਦੇ ਆਪਸ ’ਚ ਸਬੰਧ ਸਨ। ਬਿਆਨਕਰਤਾ ਨਛੱਤਰ ਸਿੰਘ ਅਨੁਸਾਰ ਉਸਦੇ ਲੜਕੇ ਨੇ ਕਰੀਬ 1.20 ਲੱਖ ਰੁਪਏ ਰਾਜਵਿੰਦਰ ਕੌਰ ਨੂੰ ਦਿੱਤੇ ਸਨ ਅਤੇ ਜਦੋਂ ਹੁਣ ਉਹ ਉਸ ਕੋਲੋਂ ਪੈਸੇ ਵਾਪਸ ਮੰਗਣ ਲੱਗਾ ਤਾਂ ਉਹ ਉਸ ਨਾਲ ਲੜਾਈ ਝਗੜਾ ਕਰਨ ਲੱਗੀ।
ਉਨ੍ਹਾਂ ਦੱਸਿਆ ਕਿ ਬੀਤੀ 28 ਸਤੰਬਰ ਨੂੰ ਉਨ੍ਹਾਂ ਦਾ ਪੁੱਤਰ ਰਾਜਵਿੰਦਰ ਕੌਰ ਦੇ ਘਰ ਪੈਸੇ ਮੰਗਣ ਗਿਆ ਸੀ ਤਾਂ ਕੁਝ ਚਿਰ ਬਾਅਦ ਹੀ ਉਹ ਔਰਤ ਉਨ੍ਹਾਂ ਦੇ ਘਰ ਆਈ ਤਾਂ ਉਸਨੇ ਗੁਰਦੀਪ ਸਿੰਘ ਨੂੰ ਗਲ ਤੋਂ ਫੜ ਕੇ ਉਸਦੇ ਮੂੰਹ ’ਤੇ ਚਪੇੜਾਂ ਮਾਰੀਆਂ ਤੇ ਗਾਲੀ-ਗਲੋਚ ਕਰਦਿਆਂ ਕਿਹਾ ਕਿ ਉਹ ਉਸਦਾ ਕੋਈ ਪੈਸਾ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਗੁਰਦੀਪ ਸਿੰਘ ਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ।
ਬਿਆਨਕਰਤਾ ਅਨੁਸਾਰ ਸ਼ਾਮ ਨੂੰ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਅਤੇ ਉਲਟੀਆਂ ਕਰਨ ਲੱਗ ਪਿਆ ਜਿਸ ਦੀ ਹਾਲਾਤ ਖਰਾਬ ਹੁੰਦੀ ਦੇਖ ਉਸਨੂੰ ਲੁਧਿਆਣਾ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸਦੀ ਮੌਤ ਹੋ ਗਈ। ਮਾਛੀਵਾੜਾ ਪੁਲੀਸ ਵੱਲੋਂ ਮ੍ਰਿਤਕ ਗੁਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਦਕਿ ਉਸ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਰਾਜਵਿੰਦਰ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।