ਪੱਤਰ ਪ੍ਰੇਰਕ
ਜਗਰਾਉਂ, 22 ਅਕਤੂਬਰ
ਸਥਾਨਕ ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰ ਨਾਲ ਬਦਸਲੂਕੀ ਕਰਨ ਅਤੇ ਸਰਕਾਰੀ ਸਾਮਾਨ ਦੀ ਭੰਨਤੋੜ ਕਰਨ ਵਾਲੇ ਖ਼ਿਲਾਫ਼ ਥਾਣਾ ਸ਼ਹਿਰੀ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਤਾਇਨਾਤ ਮੈਡੀਕਲ ਅਫਸਰ ਅਮਨਦੀਪ ਕੌਰ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਜਸਪ੍ਰੀਤ ਸਿੰਘ ਵਾਸੀ 90 ਨਿਊ ਦਿਓਲ ਨਗਰ ਮਾਡਲ ਟਾਊਨ (ਜਲੰਧਰ) ਨੇ ਸ਼ਰਾਬੀ ਹਾਲਤ ’ਚ ਹਸਪਤਾਲ ਦੇ ਡਾਕਟਰ ਤੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਇਸ ਦੌਰਾਨ ਮੁਲਜ਼ਮ ਜਸਪ੍ਰੀਤ ਸਿੰਘ ਨੇ ਹਸਪਤਲ ’ਚ ਮੌਜੂਦ ਗੁਰਪ੍ਰੀਤ ਕੌਰ ਵਾਸੀ ਪਿੰਡ ਗੁੜ੍ਹੇ ਦੇ ਥੱਪੜ ਮਾਰੇ ਅਤੇ ਮਰੀਜ਼ਾਂ ਦੀ ਸਹੂਲਤ ਲਈ ਰੱਖੇ ਸਾਮਾਨ ਦੀ ਭੰਨਤੋੜ ਵੀ ਕੀਤੀ। ਉਨ੍ਹਾਂ ਦੱਸਿਆ ਪੁਲੀਸ ਨੇ ਡਾ. ਅਮਨਦੀਪ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਜਸਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਆਖਿਆ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।