ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੁਲਾਈ
ਇੱਥੇ ਇੱਕ ਵਿਆਹੁਤਾ ਨੇ ਸਹੁਰੇ ਪਰਿਵਾਰ ਵਾਲਿਆਂ ਤੋਂ ਤੰਗ ਆ ਕੇ ਫਾਹਾ ਲੈ ਲਿਆ। ਘਟਨਾ ਸ਼ਿਮਲਾਪੁਰੀ ਸਥਿਤ ਬਰੋਟਾ ਰੋਡ ਦੇ ਗੁਰੂ ਗੋਬਿੰਦ ਸਿੰਘ ਨਗਰ ਦੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਸੁਮਨ ਦੇ ਪਿਤਾ ਬਾਲ ਕ੍ਰਿਸ਼ਨ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਪਤੀ ਨਿਤੀਸ਼ ਕੁਮਾਰ, ਉਸ ਦੀ ਮਾਂ ਤੇ ਭੈਣ ਦੇ ਖਿਲਾਫ਼ ਦਾਜ ਲਈ ਕਤਲ ਦਾ ਕੇਸ ਦਰਜ ਕਰ ਲਿਆ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸੁਮਨ ਤੇ ਨਿਤੀਸ਼ ਨੇ ਪਰਿਵਾਰ ਵਾਲਿਆਂ ਦੇ ਖਿਲਾਫ਼ ਜਾ ਕੇ ਕਰੀਬ ਪੰਜ ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ। ਪਰਿਵਾਰ ਤੋਂ ਵੱਖ ਰਹਿਣ ਲੱਗੇ ਸਨ। ਹੌਲੀ ਹੌਲੀ ਉਹ ਪਰਿਵਾਰ ਦੇ ਨਜ਼ਦੀਕ ਆਉਂਦੇ ਰਹੇ ਤੇ ਕਰੀਬ ਸਵਾ ਸਾਲ ਤੋਂ ਨਿਤੀਸ਼ ਦੇ ਪਰਿਵਾਰ ਨਾਲ ਹੀ ਰਹਿਣ ਲੱਗੇ। ਇੰਸਪੈਕਟਰ ਪ੍ਰਮੋਦ ਨੇ ਦੱਸਿਆ ਕਿ ਸੁਮਨ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਜਦੋਂ ਤੋਂ ਸੁਮਨ ਸਹੁਰੇ ਵਾਲਿਆਂ ਦੇ ਘਰ ਆਈ ਸੀ, ਉਸ ਨੂੰ ਦਾਜ ਲਈ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਬੁੱਧਵਾਰ ਦੀ ਦੇਰ ਸ਼ਾਮ ਨੂੰ ਵੀ ਸੁਮਨ ਤੇ ਨਿਤੀਸ਼ ਦੇ ਵਿੱਚ ਕਿਸੇ ਗੱਲ ਤੋਂ ਬਹਿਸ ਹੋਈ ਸੀ। ਨਿਤੀਸ਼ ਨਹਾਉਣ ਲਈ ਗਿਆ ਤਾਂ ਪਿੱਛੋਂ ਸੁਮਨ ਨੇ ਫਾਹਾ ਲੈ ਲਿਆ। ਜਦੋਂ ਨਿਤੀਸ਼ ਬਾਹਰ ਆਇਆ ਤਾਂ ਲਾਸ਼ ਲਟਕਦੀ ਦੇਖ ਉਸ ਦੇ ਹੋਸ਼ ਉਡ ਗਏ। ਇੰਸਪੈਕਟਰ ਪ੍ਰਮੋਦ ਨੇ ਕਿਹਾ ਕਿ ਸਾਰਿਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ, ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।