ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 24 ਮਈ
ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਬੁਰਜ ਕਲਾਰਾਂ ਵਿੱਚ ਹਫ਼ਤਾ ਪਹਿਲਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਵੱਲ਼ੋਂ ਲੋਡ ਚੈਕਿੰਗ ਵਿੱਚ ਰੁਕਾਵਟ ਸਬੰਧੀ ਉੱਥੋਂ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਵਿਰੁੱਧ ਦਰਜ ਕਰਵਾਇਆ ਪਰਚਾ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਗਲੇ ਹੀ ਹੱਡੀ ਬਣਿਆ ਹੋਇਆ ਹੈ। ਜਦੋਂ ਕਿ ਮਹਿਲਾ ਸਰਪੰਚ ਸੁਖਪਾਲ ਕੌਰ ਅਤੇ ਉਸ ਦੇ ਪਤੀ ਦੇ ਸਮਰਥਕ ਮੰਗਲਵਾਰ ਤੜਕਸਾਰ ਜੂਨੀਅਰ ਇੰਜਨੀਅਰ ਸੁਖਦੇਵ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਅਤੇ ਬਾਅਦ ਵਿੱਚ ਕਰਵਾਏ ਪਰਚੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੇ ਹਨ ਅਤੇ ਉਲਟਾ ਪਾਵਰਕੌਮ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਕਾਰਪੋਰੇਸ਼ਨ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਅੱਜ ਰਾਏਕੋਟ ਡਿਵੀਜ਼ਨ ਵਿੱਚ ਰੋਸ ਧਰਨਾ ਵੀ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਇਸ ਮਾਮਲੇ ’ਚ ਪੁਲੀਸ ਪ੍ਰਸ਼ਾਸਨ ਵਲੋਂ ਵਰਤੀ ਜਾ ਰਹੀ ਢਿੱਲ ਮੱਠ ਦੀ ਵੀ ਨਿੰਦਾ ਕੀਤਾ। ਡਿਵੀਜ਼ਨ ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਸਰਕਲ ਪ੍ਰਧਾਨ ਜਸਵੰਤ ਸਿੰਘ ਕੁਤਬਾ, ਸਰਕਲ ਪ੍ਰਧਾਨ ਜਸਵੀਰ ਸਿੰਘ ਅਤੇ ਸੇਵਾਮੁਕਤ ਜਥੇਬੰਦੀ ਦੇ ਪ੍ਰਧਾਨ ਬਿੱਲੂ ਖਾਂ ਨੇ ਚਿਤਾਵਨੀ ਦਿੱਤੀ ਕਿ ਜੇ ਇਸ ਕੇਸ ਨੂੰ ਹੋਰ ਪਾਸੇ ਲਿਜਾਣ ਜਾਂ ਕਰਮਚਾਰੀ ਵਿਰੁੱਧ ਕੋਈ ਕਾਰਵਾਈ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਸਮੁੱਚੇ ਪਾਵਰਕੌਮ ਮੁਲਾਜ਼ਮ ਸਾਰੀ ਡਿਵੀਜ਼ਨ ਦਾ ਕੰਮ ਠੱਪ ਕਰ ਦੇਣਗੇ।