ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਯੂਥ ਭਾਜਪਾ ਆਗੂ ਹਨੀ ਬੇਦੀ ਇਸ ਵਾਰ ਫਿਰ ਚਰਚਾ ਵਿੱਚ ਹਨ। ਇਸ ਵਾਰ ਉਹ ਰਾਜਨੀਤੀ ਕਾਰਨ ਨਹੀਂ ਸਗੋਂ ਬਲਕਿ ਪੁਰਾਣੀ ਰੰਜਿਸ਼ ਤੇ ਕੁੱਤਾ ਘੁੰਮਾਉਣ ਨੂੰ ਲੈ ਕੇ ਨੌਜਵਾਨ ਨਾਲ ਕੀਤੀ ਕੁੱਟਮਾਰ ਕਾਰਨ ਚਰਚਾ ਵਿੱਚ ਹਨ। ਸਾਬਕਾ ਵਿਧਾਇਕ ਹਰੀਸ਼ ਬੇਦੀ ਤੇ ਭਾਰਤੀ ਜਨਤਾ ਪਾਰਟੀ ਦੇ ਯੂਥ ਨੇਤਾ ਹਨੀ ਬੇਦੀ ਖ਼ਿਲਾਫ਼ ਥਾਣਾ ਡਿਵੀਜ਼ਨ ਨੰ. 2 ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਮਾਮਲਾ ਜਨਕਪੁਰੀ ਵਾਸੀ ਓਮ ਪ੍ਰਕਾਸ਼ ਦੀ ਸ਼ਿਕਾਇਤ ’ਤੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਹੈ। ਪੁਲੀਸ ਮੁਲਜ਼ਮ ਹਨੀ ਬੇਦੀ ਦੀ ਭਾਲ ਵਿੱਚ ਜੁਟੀ ਹੋਈ ਹੈ। ਓਮ ਪ੍ਰਕਾਸ਼ ਵੱਲੋਂ ਪੁਲੀਸ ਕੋਲ ਦਿੱਤੀ ਸ਼ਿਕਾਇਤ ਅਨੁਸਾਰ, ਮੁਲਜ਼ਮ ਹਨੀ ਬੇਦੀ ਨਾਲ ਉਸਦੀ ਪੁਰਾਣੀ ਰੰਜਿਸ਼ ਸੀ। ਦੋ ਦਿਨ ਪਹਿਲਾਂ ਵੀ ਹਨੀ ਬੇਦੀ ਕੁੱਤਾ ਘੁੰਮਾ ਰਹੇ ਸਨ ਤਾਂ ਇਸੇ ਦੌਰਾਨ ਉਹ ਚਾਹ ਪੀਣ ਲਈ ਜਾ ਰਿਹਾ ਸੀ। ਇਸ ਦੌਰਾਨ ਹਨੀ ਬੇਦੀ ਨੇ ਉਸਨੂੰ ਘੇਰ ਲਿਆ ਤੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਉਹ ਕਿਸੇ ਤਰ੍ਹਾਂ ਉਥੋਂ ਆਪਣੀ ਜਾਨ ਬਚਾਅ ਕੇ ਭੱਜਿਆ। ਜਾਂਚ ਅਧਿਕਾਰੀ ਏਐੱਸਆਈ ਟਹਿਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਉਥੋਂ ਫ਼ਰਾਰ ਹੋ ਚੁੱਕਿਆ ਸੀ। ਉਸਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਹਨੀ ਬੇਦੀ ਨੂੰ ਕਾਬੂ ਕਰ ਲਿਆ ਜਾਵੇਗਾ।