ਪੱਤਰ ਪ੍ਰੇਰਕ
ਜਗਰਾਉਂ, 5 ਸਤੰਬਰ
ਥਾਣਾ ਸਦਰ ਪੁਲੀਸ ਨੇ ਵੇਰਕਾ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਪਲਾਂਟ ’ਚ ਦੁੱਧ ਢੋਣ ਵਾਲੇ ਕੈਂਟਰ ਚਾਲਕ ਅਤੇ ਉਸ ਦੇ ਸਹਾਇਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵੇਰਕਾ ਡੇਅਰੀ ਦੀ ਫਰੀਦਕੋਟ ਸ਼ਾਖਾ ਦੇ ਉਪ ਮੈਨੇਜਰ ਖੁਸ਼ਕਰਨ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਿੰਮੇਵਾਰੀ ਫਰੀਦਕੋਟ ਨਾਲ ਸਬੰਧਤ ਦੁੱਧ ਇਕੱਤਰ ਕੇਂਦਰਾਂ ਅਤੇ ਮਿਲਕ ਪਲਾਂਟਾਂ ’ਚ ਦੁੱਧ ਪਹੁੰਚਾਉਣ ਵਾਲੇ ਕੈਂਟਰਾਂ ਆਦਿ ਦੀ ਨਿਗਰਾਨੀ ਕਰਨਾ ਹੈ। ਬੀਤੇ ਦਿਨ ਸ਼ੀਤਲ ਕੇਂਦਰ ਸਾਦਿਕ (ਫਰੀਦਕੋਟ) ਤੋਂ ਦੁੱਧ ਲੈ ਕੇ ਜਾਣ ਵਾਲੀ ਗੱਡੀ ਪੀਬੀ13 ਬੀਐੱਮ 6557, ਜਿਸ ਵਿੱਚ ਰਿਕਾਰਡ ਅਨੁਸਾਰ 10,460 ਕਿਲੋ ਦੁੱਧ ਭਰਿਆ ਹੋਇਆ ਸੀ, ਨੂੰ ਵਿਭਾਗ ਦੇ ਨਿਯਮਾਂ ਅਨੁਸਾਰ ਸੀਲਾਂ ਵਗੈਰਾ ਲਾ ਕੇ 12:30 ’ਤੇ ਲੁਧਿਆਣਾ ਲਈ ਰਵਾਨਾ ਕੀਤਾ ਗਿਆ ਸੀ। ਸ਼ੱਕ ਦੇ ਆਧਾਰ ’ਤੇ ਇਸ ਗੱਡੀ ਦੀ ਚੈਕਿੰਗ ਲਈ ਆਈ ਟੀਮ ਨੇ ਦੇਖਿਆ ਕਿ ਕੈਂਟਰ ਦਾ ਚਾਲਕ ਗੁਲਵੰਤ ਸਿੰਘ ਵਾਸੀ ਕੋਟਕਪੂਰਾ ਰੋਡ (ਮੋਗਾ) ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਮੋਟਰ ਨਾਲ ਪਾਈਪ ਲਗਾ ਕੇ ਦੁੱਧ ਡਰੰਮਾਂ ’ਚ ਭਰ ਰਿਹਾ ਸੀ। ਮੌਕੇ ’ਤੇ ਡਰੰਮ ਭਰਨ ਵਾਲੇ ਦਾ ਨਾਮ ਪੁੱਛਿਆ ਤਾਂ ਉਸ ਦੀ ਪਛਾਣ ਸੁਨੀਲ ਕੁਮਾਰ ਵਾਸੀ ਪਿੰਡ ਲੰਢੇਕੇ (ਮੋਗਾ) ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।