ਪੱਤਰ ਪ੍ਰੇਰਕ
ਪਾਇਲ, 31 ਜੁਲਾਈ
ਗੁਰਦੁਆਰਾ ਤਪੋਬਣ ਢੱਕੀ ਸਹਬਿ ਮਕਸੂਦੜਾ ਵਿੱਚ ਮੱਸਿਆ ਦੇ ਦਿਹਾੜੇ ’ਤੇ ਸੰਤ ਦਰਸ਼ਨ ਸਿੰਘ ਖਾਲਸਾ ਵੱਲੋਂ ਸਮੂਹ ਸੰੰਗਤ ਨਾਲ ਮਿਲ ਕੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਗਿਆ। ਇਸ ਮੌਕੇ ਸੰਤ ਖਾਲਸਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਨੇ ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’ ਵਾਲੇ ਸਲੋਕ ਵਿੱਚ ਲੋਕ ਪ੍ਰਲੋਕ ਦਾ ਦਰਸ਼ਨ ਦਿੱਤਾ ਹੈ ਤੇ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੌਣ ਪਾਣੀ ਗੰਧਲਾ ਹੋਣ ਅਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਕਰਕੇ ਜਿੱਥੇ ਸਰਕਾਰਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਉੱਥੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਕੁਦਰਤ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਰੁੱੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਜ਼ਹਿਰੀਲੀਆਂ ਦਵਾਈਆਂ ਦੀ ਸਪਰੇਅ ਕਰਕੇ ਪਸ਼ੂ ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ, ਇਸ ਕਰਕੇ ਜੰਗਲਾਂ ਨੂੰ ਬਚਾਇਆ ਜਾਵੇ ਤੇ ਪਸ਼ੂ ਪੰਛੀਆਂ ਜੀਵ ਜੰਤੂਆਂ ਪ੍ਰਤੀ ਦਇਆ ਭਾਵਨਾ ਵਾਲਾ ਵਤੀਰਾ ਅਪਣਾਇਆ ਜਾਵੇ। ਸੰਤ ਖਾਲਸਾ ਨੇ ਸੱਦਾ ਦਿੱਤਾ ਕਿ ਧਰਤੀ ਨੂੰ ਹਰਾ ਭਰਾ ਬਣਾਈਏ ਤੇ ਕਰਤਾ ਪੁੁਰਖ ਦੀ ਬਣਾਈ ਅਦਭੁਤ ਰਚਨਾ ਦਾ ਅਨੰਦ ਮਾਣੀਏ, ਪਾਣੀ ਦੀ ਸੰਭਾਲ ਕਰੀਏ, ਪਰਦੂਸ਼ਣ ਤੇ ਰੋਕਥਾਮ ਲਾਈਏ, ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦੀ ਸੰਭਾਲ ਕਰੀਏ। ਇਸ ਮੌਕੇ ਸੰਤਾਂ ਨੇ ਸੰਗਤ ਨੂੰ ਵੱਖ ਵੱਖ ਕਿਸਮ ਦੇ ਬੂਟੇ ਵੀ ਵੰਡੇ।
ਗਰੀਨ ਪੰਜਾਬ ਮਿਸ਼ਨ ਟੀਮ ਨੇ ਬੂਟੇ ਲਗਵਾਏ
ਜਗਰਾਉਂ (ਪੱਤਰ ਪ੍ਰੇਰਕ): ਇੱਥੇ ਗਰੀਨ ਪੰਜਾਬ ਮਿਸ਼ਨ ਟੀਮ ਦੀ ਅਗਵਾਈ ਹੇਠ ਅਕਾਲੀ ਆਗੂ ਭਾਗ ਸਿੰਘ ਮੱਲਾ ਸਾਬਕਾ ਵਿਧਾਇਕ ਅਤੇ ਚੇਅਰਮੈਨ ਕੰਵਲਜੀਤ ਸਿੰਘ ਮੱਲਾ ਵੱਲੋਂ ਆਪਣੇ ਖੇਤਾਂ ’ਚ 100 ਬੂਟੇ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਦਾ ਪ੍ਰਣ ਲਿਆ। ਬੂਟੇ ਲਗਾਉਣ ਸਮੇਂ ਗਰੀਨ ਪੰਜਾਬ ਮਿਸ਼ਨ ਟੀਮ ਦੇ ਆਗੂ ਸਤਪਾਲ ਸਿੰਘ ਦੇਹੜਕਾ ਨੇ ਧਰਤੀ ਮਾਂ ਦੀ ਸੇਵਾ ’ਚ ਯੋਗਦਾਨ ਪਾਉਣ ਅਤੇ ਅਰੰਭੀ ਮੁਹਿੰਮ ਦਾ ਹਿੱਸਾ ਬਣਨ ਤੇ ਮੱਲਾ ਪਰਿਵਾਰ ਦਾ ਧੰਨਵਾਦ ਕੀਤਾ। ਚੇਅਰਮੈਨ ਕੰਵਲਜੀਤ ਸਿੰਘ ਮੱਲਾ ਨੇ ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ‘ਨੇਚਰ ਲਵਰ’ ਬੈਨਰ ਹੇਠ ਲਗਾਏ ਜਾ ਰਹੇ ਜੰਗਲ ਲਈ 5100 ਰੁਪਏ ਭੇਟ ਕੀਤੇ।
ਸਮਾਰਟ ਸਕੂਲ ਜੰਡਿਆਲੀ ਵਿੱਚ ਬੂਟੇ ਲਗਾਏ
ਲੁਧਿਆਣਾ(ਖੇਤਰੀ ਪ੍ਰਤੀਨਿਧ): 75 ਸਾਲਾ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਰਿਤੂ ਅਤੇ ਡਾਕਟਰ ਮਨਜੋਤ ਕੌਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਵਿੱਚ ਅਮਰੂਦ, ਪਪੀਤਾ, ਅੰਬ, ਜਾਮਣ, ਨਿੰਬੂ ਆਦਿ ਦੇ ਫ਼ਲਦਾਰ ਬੂਟੇ ਸਕੂਲ ਦੇ ਵਿਹੜੇ ਵਿੱਚ ਸਕੂਲ ਸਟਾਫ਼ ਦੇ ਸਹਿਯੋਗ ਨਾਲ ਲਗਾਏ ਗਏ। ਉਨ੍ਹਾਂ ਬੱਚਿਆਂ ਨੂੰ ਬੂਟਿਆਂ ਦੀ ਸਾਂਭ-ਸੰਭਾਲ ਲਈਪ ਪ੍ਰੇਰਿਆ। ਸਕੂਲ ਇੰਚਾਰਜ ਨਰਿੰਦਰ ਸਿੰਘ ਨੇ ਇਹਨਾਂ ਮਾਹਿਰਾਂ ਵੱਲੋਂ ਇਸ ਮੁਹਿੰਮ ਲਈ ਸਕੂਲ ਦੀ ਚੋਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਇਨ੍ਹਾਂ ਬੂਟਿਆਂ ਦੀ ਚੰਗੀ ਦੇਖਭਾਲ ਕਰਨ ਦਾ ਵਿਸ਼ਵਾਸ ਦਿਵਾਇਆ।
ਬੂਟੇ ਲਾ ਕੇ ਸੰਭਾਲ ਕਰਨ ਦਾ ਪ੍ਰਣ ਲਿਆ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਰਾਮਗੜ੍ਹੀਆ ਫਾਊਂਡੇਸ਼ਨ ਵੱਲੋਂ ਵਿਸ਼ਵਕਰਮਾ ਪਾਰਕ ਜੈਮਲ ਰੋਡ ’ਤੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਵੀ ਕੀਤਾ ਗਿਆ। ਫਾਊਂਡੇਸ਼ਨ ਵੱਲੋਂ ਇੱਥੇ 6 ਅਗਸਤ ਤੱਕ ਰੋਜ਼ਾਨਾ ਲੱਗਣ ਵਾਲੇ ਆਧਾਰ ਕਾਰਡ ਕੈਂਪ ਦੀ ਸ਼ੁਰੂਆਤ ਵੀ ਕੀਤੀ ਗਈ, ਜਿਸ ਦਾ ਉਦਘਾਟਨ ਸਨਅਤਕਾਰ ਗੁਰਮੀਤ ਸਿੰਘ ਕੁਲਾਰ, ਰਘਵੀਰ ਸਿੰਘ ਸੋਹਲ ਪ੍ਰਧਾਨ, ਅਮਰੀਕ ਸਿੰਘ ਜੈਮਲ ਅਤੇ ਨੀਲਮ ਲਖਨਪਾਲ ਨੇ ਕੀਤਾ। ਇਸ ਮੌਕੇ ਆਗੂਆਂ ਨੇ ਦਿਨ ਬਦਿਨ ਵੱਧ ਰਹੇ ਪ੍ਰਦੂਸ਼ਨ ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਸਾਵਣ ਮਹੀਨੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਰੇਸ਼ਮ ਸਿੰਘ ਸੱਗੂ ਜਰਨਲ ਸਕੱਤਰ ਫਾਉਂਡੇਸ਼ਨ ਨੇ ਕਿਹਾ ਕਿ ਹਰ ਇਕ ਵਿਅਕਤੀ ਨੂੰ ਵਾਤਾਵਰਨ ਦੀ ਸੰਭਾਲ ਲਈ ਆਪੋ-ਆਪਣੇ ਪੱਧਰ ਤੇ ਯਤਨ ਕਰਨੇ ਚਾਹੀਦੇ ਹਨ। ਸੰਸਥਾ ਵੱਲੋਂ ਕੋਵਿਡ ਵੈਕਸੀਨ ਕੈਂਪ ਵੀ ਲਗਵਾਇਆ ਗਿਆ ਜਿਸ ਦਾ ਇਲਾਕਾ ਨਿਵਾਸੀਆਂ ਨੇ ਲਾਭ ਲਿਆ।