ਸੰਤੋਖ ਗਿੱਲ
ਗੁਰੂਸਰ ਸੁਧਾਰ, 4 ਸਤੰਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ ਜਬਰੀ ਜ਼ਮੀਨਾਂ ਗ੍ਰਹਿਣ ਕਰਨ ਵਿਰੁੱਧ ਪਿੰਡ ਕੋਟ ਆਗਾ ਵਿੱਚ ਚੱਲ ਰਿਹਾ ਧਰਨਾ ਅੱਜ 71ਵੇਂ ਦਿਨ ਵੀ ਜਾਰੀ ਰਿਹਾ। ਪੱਕੇ ਮੋਰਚੇ ਵਿਚ ਜੁਟੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਿੱਕਰਜੀਤ ਸਿੰਘ ਕਾਲਖ, ਚਰਨਜੀਤ ਸਿੰਘ ਫੱਲੇਵਾਲ, ਪਰਮਜੀਤ ਸਿੰਘ ਕੋਟ ਆਗਾ, ਕੁਲਦੀਪ ਸਿੰਘ ਗੁੱਜਰਵਾਲ, ਹਰਪ੍ਰੀਤ ਕੌਰ ਗੁੱਜਰਵਾਲ ਅਤੇ ਸੁਰਿੰਦਰ ਕੌਰ ਕਾਲਖ ਨੇ ਕਿਹਾ ਕਿ ਹਰ ਖੇਤਰ ਵਿਚ ਵਧ ਰਹੀ ਕਾਰਪੋਰੇਟੀ ਜਕੜ ਵਿਰੁੱਧ ਹੁਣ ਕਿਸਾਨਾਂ-ਮਜ਼ਦੂਰਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੂੰ ਇੱਕਜੁਟ ਹੋ ਕੇ ਲੰਬੀਆਂ ਲੜਾਈਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਖੇਤੀ ਕਾਨੂੰਨਾਂ ਤੋਂ ਬਾਅਦ ਕਾਰਪੋਰੇਟ ਜਗਤ ਲਈ ਵੱਡੇ ਸ਼ਾਹ ਰਾਹ ਬਣਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ।
ਕਿਸਾਨ ਆਗੂ ਜਸਵੰਤ ਸਿੰਘ ਭੱਟੀਆਂ, ਰਮਾਇਣਜੀਤ ਸਿੰਘ ਬੱਲੋਵਾਲ, ਲਖਵੀਰ ਸਿੰਘ ਨਾਨੋਵਾਲ, ਮਨਜੀਤ ਸਿੰਘ ਸੁਧਾਰ, ਜਸਵੀਰ ਸਿੰਘ ਕੋਟ ਆਗਾ, ਸੁਦਾਗਰ ਸਿੰਘ ਜੁੜਾਹਾਂ ਅਤੇ ਬਲਦੇਵ ਸਿੰਘ ਬੜੈਚ ਨੇ ਕਿਹਾ ਕਿ ਸਨਅਤੀ ਕਾਮਿਆਂ ਉੱਪਰ ਨਵੇਂ ਚਾਰ ਲੇਬਰ ਕੋਡ ਥੋਪੇ ਜਾ ਰਹੇ ਹਨ। ਇਸੇ ਤਰ੍ਹਾਂ ਮੁਲਾਜ਼ਮਾਂ ਦੀ ਛਾਂਟੀ ਕਰ ਕੇ ਠੇਕੇਦਾਰੀ ਸਿਸਟਮ ਰਾਹੀਂ ਨਵੀਂ ਭਰਤੀ ਕੀਤੀ ਜਾ ਰਹੀ ਹੈ, ਤਾਂ ਕਿ ਕਿਰਤੀ ਲੋਕਾਂ ਦੀ ਬੇਕਿਰਕੀ ਨਾਲ ਲੁੱਟ ਕੀਤੀ ਜਾ ਸਕੇ। ਇਸ ਲੁੱਟ ਨੂੰ ਖ਼ਤਮ ਕਰਨ ਲਈ ਸਭ ਵਰਗਾਂ ਦੇ ਲੋਕਾਂ ਨੂੰ ਸਾਂਝੇ ਘੋਲ ਉਸਾਰ ਕੇ ਸਾਂਝੇ ਦੁਸ਼ਮਣ ਖ਼ਿਲਾਫ਼ ਲਾਮਬੰਦੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਇਸ ਦਾ ਵਿਰੋਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਮੌਕੇ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਲੰਗਰ ਦੀ ਸੇਵਾ ਪਿੰਡ ਦੁਆਬਾ ਭੈਣੀ ਬਲਾਕ ਮਾਂਗਟ ਦੀ ਸੰਗਤ ਵੱਲੋਂ ਕੀਤੀ ਗਈ।