ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਅਗਸਤ
ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਜ਼ਮੀਨਾਂ ਖੋਹਣ ਖ਼ਿਲਾਫ਼ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਮਾਵਾਂ, ਭੈਣਾਂ ਅਤੇ ਬੱਚੀਆਂ ਨੇ ਤੀਆਂ ਦੇ ਰਵਾਇਤੀ ਤਿਉਹਾਰ ਨੂੰ ਸੰਗਰਾਮੀ ਤਰੀਕੇ ਨਾਲ ਮਨਾ ਕੇ ਦਿੱਲੀ ਦੇ ਕਿਸਾਨ ਮੋਰਚੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਭਾਰਤ ਮਾਲਾ ਤਹਿਤ ਜਬਰੀ ਜ਼ਮੀਨਾਂ ਗ੍ਰਹਿਣ ਕਰਨ ਵਿਰੁੱਧ ਮੋਰਚੇ ਦੌਰਾਨ ਕਿਸਾਨ-ਮਜ਼ਦੂਰ ਭੈਣਾਂ ਵੱਡਾ ਯੋਗਦਾਨ ਪਾ ਰਹੀਆਂ ਹਨ। ਗਿੱਧਾ, ਬੋਲੀਆਂ, ਟੱਪੇ, ਗੀਤਾਂ ਅਤੇ ਸਕਿੱਟਾਂ ਰਾਹੀ ਮੋਦੀ ਹਕੂਮਤ ਅਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਸੱਥਾਂ ਵਿੱਚ ਮੂਧੇ ਮੂੰਹ ਸੁੱਟਣ ਦੇ ਨਾਅਰੇ ਗੂੰਜੇ ਅਤੇ ਲੋਕਾਂ ਲਈ ਜਾਨ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਵੀ ਗੀਤਾਂ-ਬੋਲੀਆਂ ਰਾਹੀਂ ਯਾਦ ਕੀਤਾ। ਹਰਪ੍ਰੀਤ ਕੌਰ ਗੁੱਜਰਵਾਲ, ਅਮਰਜੀਤ ਕੌਰ ਗੁੱਜਰਵਾਲ, ਸੁਖਵਿੰਦਰ ਕੌਰ ਨਾਰੰਗਵਾਲ, ਅਵਨੀਤ ਕੌਰ ਸਿਆੜ, ਪਰਮਜੀਤ ਕੌਰ ਅਤੇ ਰਣਜੀਤ ਕੌਰ ਕੋਟ ਆਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਕਿਸਾਨ ਮੋਰਚੇ ਨੇ ਤਿਉਹਾਰਾਂ ਨੂੰ ਹਥਿਆਰ ਬਣਾਉਣ ਦੀ ਜਾਚ ਸਿਖਾਈ ਹੈ, ਸ਼ਹੀਦੀ ਦਿਹਾੜਿਆਂ ਨੇ ਸੰਘਰਸ਼ ਦੇ ਮੈਦਾਨ ਵਿਚ ਲੜਨਾ ਸਿਖਾਇਆ ਹੈ। ਕਿਸਾਨ-ਮਜ਼ਦੂਰ ਭੈਣਾਂ ਨੇ ਜਿੱਤ ਤੱਕ ਲੜਾਈ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਨੌਜਵਾਨ ਕੁੜੀਆਂ ਅਤੇ ਬੱਚੀਆਂ ਨੇ ਗਿੱਧੇ ਅਤੇ ਬੋਲੀਆਂ ਰਾਹੀਂ ਸੰਗਰਾਮੀ ਮਾਹੌਲ ਸਿਰਜਿਆ। ਰਾਜਵਿੰਦਰ ਕੌਰ ਜੁੜਾਹਾਂ, ਸਵਰਨਜੀਤ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਗੁਰਜੀਤ ਕੌਰ ਕਾਲਖ, ਮਨਜੀਤ ਕੌਰ ਕੂਹਲੀ ਕਲਾਂ, ਪਰਮਜੀਤ ਕੌਰ ਗੁੱਜਰਵਾਲ, ਬਲਵਿੰਦਰ ਕੌਰ ਸਿਆੜ ਅਤੇ ਦਲਜੀਤ ਕੌਰ ਬੱਲੋਵਾਲ ਨੇ ਵੀ ਗੀਤਾਂ ਬੋਲੀਆਂ ਨਾਲ ਹਾਜ਼ਰੀ ਭਰੀ।