ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੁਲਾਈ
ਸਨਅਤੀ ਸ਼ਹਿਰ ’ਚ ਬੁੱਧਵਾਰ ਨੂੰ ਪਲਾਸਟਿਕ ਦੇ ਵਪਾਰੀ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਲਾਸਟਿਕ ਵਪਾਰੀ ਦਾ ਕੰਮ ਬੰਦ ਹੋ ਚੁੱਕਿਆ ਸੀ। ਪਿਛਲੇ ਦੋ ਮਹੀਨਿਆਂ ਤੋਂ ਉਸ ਦੀ ਫੈਕਟਰੀ ਬੰਦ ਪਈ ਸੀ। ਕਾਰੋਬਾਰੀ ਨੇ ਬੈਂਕਾਂ ਤੋਂ ਲੋਨ ਲਏ ਹੋਏ ਸਨ। ਉਸ ਦੀਆਂ ਬੈਂਕਾਂ ਦੀਆਂ ਕਿਸ਼ਤਾਂ ਟੁੱਟ ਚੁੱਕੀਆਂ ਸਨ, ਜਿਸ ਕਾਰਨ ਉਹ ਆਰਥਿਕ ਤੌਰ ’ਤੇ ਕਮਜ਼ੋਰ ਹੋ ਚੁੱਕਿਆ ਸੀ। ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਧਰਮਪੁਰਾ ਵਾਸੀ ਵਿੱਕੀ ਗਾਬਾ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਾਕ ਜਦੋਂ ਸਵੇਰੇ ਪਰਿਵਾਰ ਦੇ ਮੈਂਬਰ ਉਸ ਨੂੰ ਉਠਾਉਣ ਲਈ ਕਮਰੇ ’ਚ ਗਏ ਤਾਂ ਉਨ੍ਹਾਂ ਦੇਖਿਆ ਕਿ ਵਿੱਕੀ ਗਾਬਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਹ ਦੇਖ ਕੇ ਪਰਿਵਾਰ ਵਾਲਿਆਂ ਨੇ ਰੌਲਾ ਪਾਇਆ। ਇਸ ਮਗਰੋਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋਏ ਤੇ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਘਟਨਾ ਸਥਾਨ ’ਤੇ ਪੁੱਜੀ ਚੌਕੀ ਧਰਮਪੁਰਾ ਪੁਲੀਸ ਨੇ ਲਾਸ਼ ਨੂੰ ਹੇਠਾਂ ਉਤਾਰ ਕੇ ਕਬਜ਼ੇ ’ਚ ਲੈ ਲਈ। ਵਿੱਕੀ ਗਾਬਾ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ।
ਉਧਰ, ਕਾਰੋਬਾਰੀ ਦੀ ਮੌਤ ਨਾਲ ਪਲਾਸਟਿਕ ਕਾਰੋਬਾਰੀਆਂ ’ਚ ਰੋਸ ਹੈ। ਪਲਾਸਟਿਕ ਕਾਰੋਬਾਰੀ ਐਸੋਸੀਏਸ਼ਨ ਦੇ ਚੇਅਰਮੈਨ ਸੁਸ਼ੀਲ ਕੁਮਾਰ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਪਲਾਸਟਿਕ ਵਪਾਰ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਦੀਆਂ ਹਾਲਤ ਇੰਨੀ ਤਰਸਯੋਗ ਹੋ ਗਈ ਹੈ ਕਿ ਉਹ ਖ਼ੁਦਕੁਸ਼ੀਆਂ ਕਰ ਰਹੇ ਹਨ। ਵਿੱਕੀ ਗਾਬਾ ਲਿਫ਼ਾਫ਼ੇ ਬਣਾਉਣ ਦਾ ਕੰਮ ਕਰਦਾ ਸੀ। ਤਿੰਨ ਮਹੀਨੇ ਤੋਂ ਫੈਕਟਰੀ ਬੰਦ ਪਈ ਸੀ, ਜਿਸ ਕਾਰਨ ਵਪਾਰ ਬੰਦ ਹੋ ਗਿਆ ਸੀ। ਉਸ ਦੀ ਲੇਬਰ ਵੀ ਬੇਰੁਜ਼ਗਾਰ ਹੋ ਗਈ। ਵਪਾਰ ਦੀ ਮਾੜੀ ਹਾਲਤ ਤੇ ਉੱਪਰੋਂ ਬੈਂਕਾਂ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ।
ਉਨ੍ਹਾਂ ਕਿਹਾ ਕਿ ਜੇ ਅੱਜ ਇੱਕ ਵਪਾਰੀ ਨੇ ਖ਼ੁਦਕੁਸ਼ੀ ਕੀਤੀ ਹੈ ਤਾਂ ਆਉਣ ਵਾਲੇ ਸਮੇਂ ’ਚ ਹੋਰ ਕਈ ਅਜਿਹੇ ਮਾਮਲੇ ਸਾਹਮਣੇ ਆ ਸਕਦੇ ਹਨ। ਪੰਜਾਬ ਸਰਕਾਰ ਨੇ ਪਲਾਸਟਿਕ ਦੇ ਲਿਫ਼ਾਫ਼ੇ ਬੰਦ ਕਰ ਦਿੱਤੇ ਸਨ, ਇਸ ਕਾਰਨ ਵਪਾਰ ਠੱਪ ਹੋ ਗਿਆ ਸੀ। ਕਾਰੋਬਾਰੀ ਆਖ ਰਹੇ ਹਨ ਕਿ 75 ਮਾਈਕ੍ਰੋਨ ਲਿਫ਼ਾਫ਼ਾ ਸ਼ੁਰੂ ਕਰਵਾਇਆ ਜਾਵੇ, ਨਹੀਂ ਉਨ੍ਹਾਂ ਦਾ ਕਾਰੋਬਾਰ ਖ਼ਤਮ ਹੋ ਜਾਵੇਗਾ।