ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜ਼ ਹੁਣ ਲੋਕਾਂ ਦੇ ਲਈ ਖ਼ਤਰਾ ਬਣਨ ਲੱਗੇ ਹਨ, ਹਾਲਾਤ ਇਹ ਹਨ ਕਿ ਬੀਤੀ ਰਾਤ ਤੇ ਐਤਵਾਰ ਤੜਕੇ ਪਏ ਮੀਂਹ ਕਾਰਨ ਸਨਅਤੀ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ। ਹੈਬੋਵਾਲ ਦੀ ਮੁੱਖ ਸੜਕ ’ਤੇ ਤਾਂ ਸੀਵਰੇਜ ਦੀ ਲਾਈਨ ਪਾਉਣ ਲਈ ਪੱਟੀ ਸੜਕ ’ਤੇ ਮੀਂਹ ਕਾਰਨ ਵੱਡਾ ਖੱਡਾ ਪੈ ਗਿਆ। ਇੱਥੇ ਚਲਦੀ ਕਾਰ ਸੜਕ ਧੱਸਣ ਦੇ ਨਾਲ ਵੱਡੇ ਖੱਡੇ ਵਿੱਚ ਫਸ ਗਈ, ਇੰਨਾ ਹੀ ਨਹੀਂ ਉਸ ਵੇਲੇ ਕਾਰ ਵਿੱਚ ਸਵਾਰ ਲੋਕਾਂ ਦੀ ਬਹੁਤ ਹੀ ਮੁਸ਼ਕਲ ਦੇ ਨਾਲ ਜਾਨ ਬਚੀ। ਦਰਅਸਲ, ਹੈਬੋਵਾਲ ਦੀ ਇਸ ਸੜਕ ’ਤੇ ਕੁੱਝ ਸਮਾਂ ਪਹਿਲਾਂ ਹੀ ਠੇਕੇਦਾਰ ਨੇ ਸੀਵਰੇਜ ਲਾਈਨ ਪਾਈ ਸੀ, ਪਰ ਸੀਵਰੇਜ ਲਾਈਨ ਵਿਛਾਉਣ ਤੋਂ ਬਾਅਦ ਠੇਕੇਦਾਰ ਨੇ ਸਹੀ ਤਰੀਕੇ ਨਾਲ ਮਿੱਟੀ ਨੂੰ ਦਬਾਇਆ ਨਹੀਂ, ਜਿਸ ਕਾਰਨ ਮੀਂਹ ਪੈਂਦੇ ਹੀ ਸੜਕ ਧੱਸ ਗਈ। ਕਾਰ ਦੇ ਪਿੱਛੋਂ ਇੱਥ ਟੈਂਪੂ ਵੀ ਖੱਡੇ ’ਚ ਫਸ ਗਿਆ। ਫਸੀ ਕਾਰ ’ਚ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਨੂੰ ਆਸਪਾਸ ਦੇ ਲੋਕਾਂ ਨੇ ਬਾਹਰ ਕੱਢਿਆ। ਜਾਣਕਾਰੀ ਮੁਤਾਬਕ ਹੈਬੋਵਾਲ ਮੁੱਖ ਸੜਕ ’ਤੇ ਗੁਰਦੁਆਰੇ ਤੋਂ ਦਰਿਆ ਦੀ ਪੁਲੀ ਤੱਕ ਕਰੀਬ 500 ਫੁੱਟ ਸੀਵਰ ਲਾਈਨ ਪਾਈ ਜਾ ਰਹੀ ਹੈ। ਜਿਸ ’ਚ 300 ਫੁੱਟ ਸੀਵਰੇਜ ਲਾਈਨ ਤਿੰਨ ਦਿਨ ਪਹਿਲਾਂ ਵਿਛਾ ਦਿੱਤੀ ਗਈ। ਉਸ ਤੋਂ ਬਾਅਦ ਅੱਗੇ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ। ਠੇਕੇਦਾਰ ਦੀ ਲਾਪ੍ਰਵਾਹੀ ਇਹ ਰਹੀ ਕਿ ਉਸ ਨੇ ਸੀਵਰੇਜ ਲਾਈਨ ਵਿਛਾਉਣ ਤੋਂ ਬਾਅਦ ਮਿੱਟੀ ਨੂੰ ਸਹੀ ਤਰੀਕੇ ਨਾਲ ਨਾ ਪਾਇਆ। ਮੌਕੇ ’ਤੇ ਨਗਰ ਨਿਗਮ ਦੇ ਅਫ਼ਸਰਾਂ ਨੂੰ ਬੁਲਾਇਆ ਗਿਆ ਤੇ ਫਿਰ ਕਾਫ਼ੀ ਮਿਹਨਤ ਮਗਰੋਂ ਕਾਰ ਬਾਹਰ ਕੱਢੀ ਗਈ।