ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਸਤੰਬਰ
ਦਸਹਿਰੇ ਦੇ ਤਿਉਹਾਰ ਨੂੰ ਅਜੇ ਕੁਝ ਦਿਨ ਬਾਕੀ ਹਨ ਪਰ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਰਾਵਣ ਦੇ ਪੁਤਲੇ ਬਣਨੇ ਸ਼ੁਰੂ ਹੋ ਗਏ ਹਨ। ਇਸ ਵਾਰ ਲੁਧਿਆਣਾ ਦੀ ਧੁੰਨੀ ਵਿੱਚ ਪੈਂਦੇ ਦਰੇਸੀ ਮੈਦਾਨ ਵਿੱਚ 100 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਾਇਆ ਜਾ ਰਿਹਾ ਹੈ। ਇਸ ਨੂੰ ਰਿਮੋਟ ਕੰਟਰੋਲ ਨਾਲ ਅੱਗ ਲਗਾਉਣ ਦੀ ਰਸਮ ਨਿਭਾਈ ਜਾਵੇਗੀ।
ਦੇਸ਼ ਵਿੱਚ ਬੁਰਾਈ ’ਤੇ ਇਛਾਈ ਦੀ ਜਿੱਤ ਦਾ ਤਿਓਹਾਰ ਦਸਹਿਰਾ 5 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਓਹਾਰ ਨੂੰ ਮਨਾਉਣ ਲਈ ਹਰ ਸਾਲ ਰਾਵਣ ਦੇ ਵੱਡੇ ਵੱਡੇ ਪੁਤਲੇ ਬਣਾ ਕਿ ਸਾੜੇ ਜਾਂਦੇ ਹਨ। ਪਿਛਲੇ ਕਰੀਬ 50 ਸਾਲ ਤੋਂ ਲੁਧਿਆਣਾ ਵਿੱਚ ਰਾਵਣ ਬਣਾਉਣ ਲਈ ਆਉਂਦੇ ਅਜ਼ਹਰ ਅਲੀ ਅਤੇ ਉਨ੍ਹਾਂ ਦੀ ਟੀਮ 25 ਅਗਸਤ ਨੂੰ ਹੀ ਲੁਧਿਆਣਾ ਪਹੁੰਚ ਗਏ ਸਨ। ਅਜ਼ਹਰ ਅਲੀ ਦੇ ਲੜਕੇ ਇਮਰਾਨ ਜੋ ਕਿ ਖੁਦ ਸਾਫਵੇਅਰ ਇੰਜਨੀਅਰ ਹੈ ਨੇ ਦੱਸਿਆ ਕਿ ਇਸ ਵਾਰ ਦਰੇਸੀ ਮੈਦਾਨ ਵਿੱਚ 100 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਾਇਆ ਜਾਵੇਗਾ। ਇਸ ਨੂੰ ਰਿਮੋਟ ਕੰਟਰੋਲ ਨਾਲ ਅੱਗ ਲਾਈ ਜਾਵੇਗੀ। ਇਸ ਤੋਂ ਇਲਾਵਾ ਇਹ ਮੂੰਹ ਵਿੱਚੋਂ ਚੰਗਿਆੜੇ ਵੀ ਸੁੱਟੇਗੀ। ਪੁਤਲੇ ਦੇ ਉਪਰ ਘੁੰਮਣ ਵਾਲੀ 12 ਫੁੱਟ ਉੱਚੀ ਛੱਤਰੀ ਵੀ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ 30 ਮੈਂਬਰੀ ਟੀਮ ਵੱਲੋਂ ਅਗਰ ਨਗਰ ਦਾ 55 ਫੁੱਟ ਉੱਚਾ, ਉਪਕਾਰ ਨਗਰ ਦਾ 70 ਫੁੱਟ , ਪੱਖੋਵਾਲ ਦਾ 65 ਫੁੱਟ, ਮੁੱਲਾਂਪੁਰ ਦਾ 50 ਫੁੱਟ, ਧਾਂਦਰਾ ਦਾ 40 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪਾਣੀਪਤ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਇਨ੍ਹਾਂ ਦੇ ਕਾਰੀਗਰ ਰਾਵਣ ਦੇ ਪੁਤਲੇ ਬਣਾਉਣ ਗਏ ਹੋਏ ਹਨ। ਇਮਰਾਨ ਨੇ ਦੱਸਿਆ ਕਿ ਦਰੇਸ਼ੀ ਵਿੱਚ ਬਣਨ ਵਾਲੇ ਪੁਤਲੇ ’ਤੇ ਇਸ ਵਾਰ ਆਗਰੇ ਤੋਂ ਖਾਸ ਤੌਰ ’ਤੇ ਲਿਆਂਦਾ ਚਮਕ ਵਾਲਾ ਕਾਗਜ਼ ਲਾਇਆ ਜਾਵੇਗਾ। ਪਿਛਲੇ ਸਾਲਾਂ ਦੌਰਾਨ ਕਰੋਨਾ ਕਰ ਕੇ ਇਸ ਵਾਰ ਮਹਿੰਗਾਈ ਵੀ ਕਈ ਗੁਣਾਂ ਵਧ ਗਈ ਹੈ। ਪੁਤਲੇ ਬਣਾਉਣ ਲਈ ਸਮਾਨ ਦੀ ਕੀਮਤ ਦੇ ਨਾਲ ਨਾਲ ਕਾਰੀਗਰਾਂ ਦੀ ਮਜ਼ਦੂਰੀ ਵੀ ਕਈ ਗੁਣਾਂ ਵਧ ਗਈ ਹੈ। ਹਰ ਸਾਲ ਦੀ ਤਰ੍ਹਾਂ ਉਹ ਇਸ ਵਾਰ ਵੀ ਆਪਣੀ ਨੌਕਰੀ ਤੋਂ ਇੱਕ ਮਹੀਨੇ ਦੀ ਛੁੱਟੀ ਲੈ ਕੇ ਰਾਵਣ ਦੇ ਪੁਤਲੇ ਤਿਆਰ ਕਰਵਾਉਣ ਲਈ ਟੀਮ ਨਾਲ ਆਇਆ ਹੈ।