ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 22 ਅਗਸਤ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਛੇੜੀ ਮੁਹਿੰਮ ਦੇ ਚਲਦਿਆਂ ਥਾਣਾ ਐਂਟੀਨਾਰਕੋਟਿਕ ਸੈੱਲ ਨੇ ਟਾਟਾ ਗੱਡੀ ਵਿੱਚ ਲੱਦੀ 90 ਪੇਟੀਆਂ ਸ਼ਰਾਬ ਸਮੇਤ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਐਂਟੀਨਾਰਕੋਟਿਕ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਉਕਤ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਖ਼ਿਲਾਫ਼ ਐਂਟੀਨਾਰਕੋਟਿਕ ਸੈੱਲ ਪੂਰੀ ਤਰ੍ਹਾਂ ਸਰਗਰਮ ਹੈ। ਅੱਜ ਬਾਅਦ ਦੁਪਹਿਰ ਖਾਸ ਸੂਹੀਏ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ। ਪੁਲੀਸ ਪਾਰਟੀ ਨੇ ਗੁਪਤ ਜਾਲ ਵਿਛਾ ਕੇ ਟਾਟਾ ਗੱਡੀ ਨੰਬਰ ਪੀ.ਬੀ.10 ਐਫ.ਕੇ 7408 ਨੂੰ ਕਾਬੂ ਕੀਤਾ। ਗੱਡੀ ਚਾਲਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸ਼ਿੰਦੀ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਲੁਧਿਆਣਾ ਵਜੋਂ ਹੋਈ। ਸਬ-ਇੰਸਪੈਕਟਰ ਕਰਮਜੀਤ ਸਿੰਘ ਅਨੁਸਾਰ ਗੱਡੀ ਵਿੱਚ ਸੁਖਵਿੰਦਰ ਸਿੰੰਘ ਨੇ 90 ਪੇਟੀਆਂ ਫਸਟ ਚੁਆਇਸ ਸ਼ਰਾਬ ਜੋ ਕਿ ਹਰਿਆਣਾ ਦੀ ਬਣੀ ਹੋਈ ਹੈ, ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਏਰੀਆ ਥਾਣਾ ਸਦਰ ਦਾ ਹੋਣ ਕਾਰਨ ਉੱਥੇ ਮੁਕੱਦਮਾ ਨੰਬਰ 111 ਦਰਜ ਕਰ ਕੇ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਆਰੰਭ ਦਿੱਤੀ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਨਸ਼ਾ ਤਸਕਰੀ ਸਬੰਧੀ ਡੂੰਘਾਈ ਲਈ ਛਾਣਬੀਣ ਕਰਨ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।