ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 13 ਅਗਸਤ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸ਼ਹਿਰੀ ਰਾਏਕੋਟ ਦੀ ਪੁਲੀਸ ਨੇ ਕਾਉਂਕੇ ਕਲਾਂ ਵਾਸੀ ਅਮਨਦੀਪ ਕੌਰ ਪਤਨੀ ਦੇਸ ਰਾਜ ਦੇ ਬਿਆਨਾਂ ’ਤੇ ਰਣਧੀਰ ਕਲੋਨੀ ਲੁਧਿਆਣਾ ਵਾਸੀ ਸੁਰਿੰਦਰ ਕੌਰ ਸੋਢੀ, ਉਸ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਅਤੇ ਪ੍ਰਦੀਪ ਸਿੰਘ ਗਿੱਲ ਵਾਸੀ ਤਲਵੰਡੀ ਰਾਏ ਵਿਰੁੱਧ ਜਾਅਲਸਾਜ਼ੀ, ਧੋਖਾਧੜੀ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਸਪ੍ਰੀਤ ਕੌਰ ਅਨੁਸਾਰ ਇਸ ਸ਼ਿਕਾਇਤ ਦੀ ਪੜਤਾਲ ਉਪ ਪੁਲੀਸ ਕਪਤਾਨ ਜਗਰਾਉਂ ਵੱਲੋਂ ਕੀਤੀ ਗਈ ਸੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੇ ਆਦੇਸ਼ ਅਨੁਸਾਰ ਇਹ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਅਮਨਦੀਪ ਕੌਰ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਸੁਰਿੰਦਰ ਕੌਰ ਸੋਢੀ, ਉਸ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਤੇ ਪ੍ਰਦੀਪ ਸਿੰਘ ਗਿੱਲ ਨੇ ਸਾਜ਼ਿਸ਼ ਰਚ ਕੇ ਉਸ ਨੂੰ ਤੇ ਉਸਦੇ ਪਤੀ ਦੇਸ ਰਾਜ ਨੂੰ ਵਿਦੇਸ਼ ਭੇਜਣ ਲਈ 9 ਲੱਖ 20 ਹਜ਼ਾਰ ਰੁਪਏ ਹਾਸਲ ਕਰ ਕੇ ਨਕਲੀ ਟਿਕਟਾਂ, ਨਕਲੀ ਵੀਜ਼ਾ ਵੀ ਲਗਵਾ ਦਿੱਤਾ ਸੀ। ਪਰ ਅਸਲੀਅਤ ਸਾਹਮਣੇ ਆਉਣ ਬਾਅਦ ਪੈਸੇ ਵਾਪਸ ਮੰਗਣ ’ਤੇ ਮੁਲਜ਼ਮਾਂ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ।