ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੂਨ
ਇੱਥੇ ਦੇ ਧਾਂਦਰਾ ਰੋਡ ਸਥਿਤ ਪੈਟਰੋਲ ਪੰਪ ’ਤੇ ਤੇਲ ਪਵਾਉਣ ਆਏ ਮੋਟਰਸਾਈਕਲ ਸਵਾਰ ਤਿੰਨ ਮੁਲਜ਼ਮਾਂ ਨੇ ਕਰਿੰਦਿਆਂ ’ਤੇ ਹਮਲਾ ਕਰਕੇ ਸ਼ੁੱਕਰਵਾਰ ਦੀ ਦੇਰ ਰਾਤ ਨੂੰ 81 ਹਜ਼ਾਰ ਦੀ ਲੁੱਟ ਕਰ ਲਈ। ਪੈਟਰੋਲ ਪੰਪ ਮੁਲਾਜ਼ਮਾਂ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਫ਼ਰਾਰ ਹੋ ਗਏ। ਮੁਲਜ਼ਮਾਂ ਨੇ 8 ਮਿੰਟਾਂ ’ਚ ਸਾਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਥਾਣਾ ਦੁੱਗਰੀ ਦੀ ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਵਿਰਾਜ ਪੈਟਰੋਲ ਪੰਪ ਦੇ ਮਾਲਕ ਯਸ਼ਪ੍ਰੀਤ ਚਾਵਲਾ ਨੇ ਦੱਸਿਆ ਕਿ ਐੱਸਬੀਐੱਸ ਨਗਰ ਦਾ ਰਹਿਣ ਵਾਲਾ ਕੈਸ਼ੀਅਰ ਸੁਨੀਲ ਕੁਮਾਰ ਦਫ਼ਤਰ ਵਿੱਚ ਸੀ। ਕਰਮੀ ਸ਼ੁਸ਼ੀਲ ਕੁਮਾਰ ਤੇ ਮੁਹੰਮਦ ਅਖਤਰ ਵਾਹਨਾਂ ’ਚ ਪੈਟਰੋਲ ਤੇ ਡੀਜ਼ਲ ਭਰ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿੰਨ ਨੌਜਵਾਨ ਪੰਪ ’ਤੇ ਆਏ। ਉਨ੍ਹਾਂ ਨੇ 500 ਰੁਪਏ ਦਾ ਪੈਟਰੋਲ ਪਵਾਇਆ। ਪੈਸੇ ਦੇਣ ਦੀ ਬਜਾਏ ਉਨ੍ਹਾਂ ’ਚੋਂ ਇੱਕ ਨੇ ਪੀਣ ਵਾਲੇ ਪਾਣੀ ਬਾਰੇ ਪੁੱਛਿਆ। ਦੋ ਨੌਜਵਾਨ ਮੋਟਰਸਾਈਕਲ ’ਤੇ ਬੈਠੇ ਰਹੇ। ਇੱਕ ਵਾਟਰ ਕੂਲਰ ਕੋਲ ਜਾਣ ਦੀ ਬਜਾਏ ਦਫ਼ਤਰ ਦੇ ਅੰਦਰ ਦਾਖਲ ਹੋ ਗਿਆ। ਉਸ ਨੇ ਪਿਸਤੌਲ ਦੇ ਬੱਟ ਨਾਲ ਸੁਨੀਲ ਦੀ ਪੁੜਪੜੀ ’ਤੇ ਵਾਰ ਕੀਤਾ। ਸੁਨੀਲ ਦਾ ਰੌਲਾ ਸੁਣ ਕੇ ਸੁਸ਼ੀਲ ਵੀ ਅੰਦਰ ਵੱਲ ਭੱਜਿਆ। ਇਸ ਦੇ ਪਿੱਛੇ ਆਏ ਦੂਸਰੇ ਮੁਲਜ਼ਮਾਂ ਨੇ ਦਾਤ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦਾ ਤੀਸਰਾ ਸਾਥੀ ਮੋਟਰਸਾਈਕਲ ’ਤੇ ਬੈਠਾ ਰਿਹਾ। ਦੋਵੇਂ ਵਰਕਰਾਂ ਨੂੰ ਜ਼ਖਮੀ ਕਰਨ ਤੋਂ ਬਾਅਦ 70 ਹਜ਼ਾਰ 600 ਦੇ ਕਰੀਬ ਪੈਟਰੋਲ ਪੰਪ ਦਾ ਕੈਸ਼ ਤੇ 11 ਹਜ਼ਾਰ ਰੁਪਏ ਸੁਨੀਲ ਕੁਮਾਰ ਦੀ ਜੇਬ ’ਚੋਂ ਕੱਢ ਕੇ ਫ਼ਰਾਰ ਹੋ ਗਏ। ਥਾਣਾ ਦੁੱਗਰੀ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।