ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 9 ਸਤੰਬਰ
ਲਾਗਲੇ ਪਿੰਡ ਬੋਪਾਰਾਏ ਕਲਾਂ ਵਿੱਚ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਰਾਜ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਵਿਭਾਗ ਵੱਲੋਂ ਮਗਨਰੇਗਾ ਸਕੀਮ ਅਧੀਨ ਮੀਆਵਾਕੀ ਜੰਗਲ ਮੁਹਿੰਮ ਤਹਿਤ 800 ਬੂਟੇ ਲਾਏ ਗਏ। ਪਿੰਡ ਵਿਚਕਾਰ ਇਕ ਪੁਰਾਣੇ ਛੱਪੜ ਵਾਲੀ ਥਾਂ ’ਤੇ ਸਥਿਤ ਖੁੱਲ੍ਹੇ ਮੈਦਾਨ ਵਿਚ ਸਵੈ-ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਵਿਵੇਕਾਨੰਦ ਦੇ ਸਹਿਯੋਗ ਨਾਲ ਇਹ ਮੁਹਿੰਮ ਵਿੱਢੀ ਗਈ ਸੀ। ਸਵੈ-ਸੇਵੀ ਸੰਸਥਾ ਦੇ ਸਹਿਯੋਗ ਨਾਲ ਨਵੇਂ ਲਾਏ ਗਏ ਬੂਟਿਆਂ ਨੂੰ ਬਚਾਉਣ ਲਈ ਲੱਕੜ ਦੀਆਂ ਮਜ਼ਬੂਤ ਸੋਟੀਆਂ ਨਾਲ ਸਹਾਰੇ ਵੀ ਲਾਏ ਗਏ। ਸਰਪੰਚ ਲਖਵੀਰ ਸਿੰਘ, ਮਗਨਰੇਗਾ ਵਧੀਕ ਪ੍ਰੋਗਰਾਮ ਅਫ਼ਸਰ ਪ੍ਰਭਜੋਤ ਕੌਰ, ਇੰਜਨੀਅਰ ਹਰਵਿੰਦਰ ਸਿੰਘ, ਜਗਜੀਤ ਸਿੰਘ, ਸਵੈ-ਸੇਵੀ ਸੰਸਥਾ ਦੇ ਯਸ਼ਪਾਲ ਗੁਪਤਾ, ਰਾਜੀਵ ਖੇੜਾ ਅਤੇ ਸੁਰਿੰਦਰ ਰਾਣਾ ਦੀ ਅਗਵਾਈ ਵਿਚ ਮਗਨਰੇਗਾ ਮਜ਼ਦੂਰ ਔਰਤਾਂ ਵੱਲੋਂ ਇਹ ਬੂਟੇ ਲਾਉਣ ਦੀ ਸੇਵਾ ਨਿਭਾਈ ਗਈ। ਸਰਪੰਚ ਲਖਵੀਰ ਸਿੰਘ ਅਤੇ ਗੁਰਦੀਪ ਸਿੰਘ ਨੇ ਵਿਭਾਗ ਦੇ ਇਸ ਕਦਮ ਦੀ ਪ੍ਰਸੰਸਾਂ ਕਰਦਿਆਂ ਭਰੋਸਾ ਦਿੱਤਾ ਕਿ ਇਸ ਨਵੇਂ ਜੰਗਲ ਦੀ ਸਾਂਭ-ਸੰਭਾਲ ਲਈ ਖ਼ੁਦ ਪਿੰਡ ਵਾਸੀਆਂ ਨਾਲ ਮਿਲ ਕੇ ਸਾਂਭ ਸੰਭਾਲ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।
ਮੰਦਰ ’ਚ ਫਲਦਾਰ ਬੂਟੇ ਲਾਏ
ਖੰਨਾ: ਅੱਜ ਇਥੋਂ ਦੇ ਸ਼ੀਤਲਾ ਮਾਤਾ ਮੰਦਰ ਵਿੱਚ ‘ਰੁੱਖ ਲਗਾਓ-ਧਰਤੀ ਬਚਾਓ’ ਮੁਹਿੰਮ 2022 ਤਹਿਤ ਵਾਤਾਵਰਨ ਪ੍ਰੇਮੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠਾਂ ਫਲਦਾਰ ਬੂਟੇ ਲਾਏ ਗਏ। ਪੰਡਿਤ ਰਿਸ਼ੀ ਦੇਵ ਨੇ ਮੰਤਰ ਉਚਾਰਨ ਕਰਦਿਆਂ ਰੁੱਖ ਲਗਾਉਣ ਦੀ ਰਸਮ ਪੂਰੀ ਕੀਤੀ। ਇਸ ਮੌਕੇ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ ਅਤੇ ਸਰਪੰਚ ਗੁਰਮੀਤ ਸਿੰਘ ਨੇ ਕਿਹਾ ਵਾਤਾਵਰਨ ਸ਼ੁੱਧਤਾ ਲਈ ਹਰ ਵਿਅਕਤੀ ਨੂੰ ਇਕ ਇਕ ਬੂਟਾ ਲਾ ਕੇ ਉਸਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਸ੍ਰੀ ਯਾਦੂ ਨੇ ਸਮਾਜ ਸੇਵੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਬੁੱਲ੍ਹੇਪੁਰ ਦੇ ਸਰਕਾਰੀ ਸਕੂਲ ਵਿੱਚ ਬੂਟੇ ਲਾਉਣ ਲਈ ਹੁੰਗਾਰਾ ਭਰਿਆ। -ਨਿੱਜੀ ਪੱਤਰ ਪ੍ਰੇਰਕ