ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਅਪਰੈਲ
ਨਗਰ ਕੌਂਸਲ ਸਾਹਨੇਵਾਲ ਅੰਦਰ ਅੱਜ ਹਾਊਸ ਦੇ ਮੈਂਬਰਾਂ ਦੀ ਗਿਣਤੀ ਪੂਰੀ ਨਾ ਹੋਣ ਦੇ ਬਾਵਜੂਦ 8 ਕਰੋੜ 20 ਲੱਖ ਦਾ ਬਜਟ ਪਾਸ ਕਰ ਦਿੱਤਾ ਗਿਆ। ਭਾਂਵੇਂ ਨਗਰ ਕੌਂਸਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਨੇ ਪੂਰਨ ਬਹੁਮਤ ਹੋਣ ਦਾ ਦਾਅਵਾ ਕੀਤਾ, ਪਰ ਜਿਸ ਸਮੇਂ ਬਜਟ ਪੇਸ਼ ਕੀਤਾ ਗਿਆ ਉਸ ਸਮੇਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਮਨਜਿੰਦਰ ਸਿੰਘ ਭੋਲਾ, ਸੰਦੀਪ ਸੋਨੀ, ਕੁਲਵਿੰਦਰ ਸਿੰਘ ਕਾਲਾ, ਸੁਨੀਤਾ ਰਾਣੀ ਕਾਂਗਰਸੀ ਕੌਂਸਲਰ, ਸਵਰਨ ਕੁਮਾਰ ਸੋਨੀ, ਰਾਜਦੀਪ ਭਾਟੀਆ, ਮਨਦੀਪ ਕੌਰ ਅਕਾਲੀ ਕੌਂਸਲਰ ਅਤੇ ਭਾਜਪਾ ਪੱਖੀ ਕੌਂਸਲਰ ਰੀਣਾ ਦੇਵੀ ਸਮੇਤ 9 ਮੈਂਬਰ ਗੈਰ ਹਾਜ਼ਰ ਰਹੇ। ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਨੇ ਕਿਹਾ ਕਿ ਸਹਿਰ ਦਾ ਸਰਬਪੱਖੀ ਵਿਕਾਸ ਉਨ੍ਹਾਂ ਦਾ ਮੁੱਖ ਟੀਚਾ ਹੈ ਇਸ ਲਈ ਸਾਰਿਆਂ ਦਾ ਸਾਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਰੀਬ 6 ਕਰੋੜ 55 ਲੱਖ 83 ਹਜ਼ਾਰ ਦਾ ਬਜਟ ਪੇਸ਼ ਕੀਤਾ ਗਿਆ ਸੀ।
ਪ੍ਰਧਾਨ ਹਰਾ ਨੇ ਕਿਹਾ ਕਿ ਇਸ ਸਾਲ ਸਹਿਰ ਅੰਦਰ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਪ੍ਰਬੰਧਾਂ ਨੂੰ ਠੀਕ ਕੀਤਾ ਜਾਵੇਗਾ। ਇਸ ਸਬੰਧੀ ਕਾਂਗਰਸੀ ਕੌਂਸਲਰ ਮਨਜਿੰਦਰ ਸਿੰਘ ਭੋਲਾ ਨੇ ਕਿਹਾ ਕਿ ਇਹ ਬਜਟ ਨਿਯਮਾਂ ਦੀ ਉਲੰਘਣਾ ਕਰਕੇ ਪਾਸ ਕੀਤਾ ਗਿਆ ਹੈ ਕਿਉਂ ਕਿ ਹਾਊਸ ਵਿਚ ਮੈਂਬਰ ਪੂਰੇ ਨਹੀ ਸਨ ਜਦੋਂ ਕਿ ਉਸ ਸਮੇਂ 8 ਮੈਂਬਰਾਂ ਦਾ ਹੋਣਾ ਅਤਿ ਜ਼ਰੂਰੀ ਸੀ। ਉਨ੍ਹਾਂ ਐੱਸ.ਡੀ.ਐੱਮ ਨੂੰ ਅਪੀਲ ਕੀਤੀ ਕਿ ਇਸ ਮੀਟਿੰਗ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਨੇ ਬਜਟ ਅੰਦਰ ਕਈ ਤਰਾਂ ਦੀਆਂ ਧਾਂਦਲੀਆਂ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵੀ ਲਗਾਏ।
ਅਕਾਲੀ-ਭਾਜਪਾ ਕੌਂਸਲਰਾਂ ਨੇ ਵੀ ਨਹੀਂ ਦਿੱਤਾ ਸਾਥ
ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਕਾਂਗਰਸ ਪਾਰਟੀ ਦੀ ਧੜ੍ਹੇਬਾਜ਼ੀ ਕੋਈ ਨਵੀਂ ਗੱਲ ਨਹੀ ਹੈ। ਨਗਰ ਕੌਂਸਲ ਚੋਣਾਂ ਵਿਚ ਭਾਂਵੇ ਕਾਂਗਰਸ ਦੇ 12 ਕੌਂਸਲਰ ਜਿੱਤੇ ਸਨ, ਪਰ ਕੈਪਟਨ ਸੁਖਜੀਤ ਸਿੰਘ ਹਰਾ ਨੂੰ ਉਸ ਸਮੇਂ ਵੀ ਕਾਂਗਰਸ ਦੇ 6 ਕੌਂਸਲਰਾਂ ਦਾ ਸਾਥ ਮਿਲਿਆ ਸੀ, ਜਦਕਿ ਉਨ੍ਹਾਂ ਨੂੰ ਪ੍ਰਧਾਨਗੀ ਦੀ ਕੁਰਸੀ ’ਤੇ ਬਿਠਾਉਣ ਲਈ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਅਕਾਲੀ-ਭਾਜਪਾ ਕੌਂਸਲਰਾਂ ਦੀ 4 ਵੋਟਾਂ ਨੇ ਅਹਿਮ ਰੋਲ ਅਦਾ ਕੀਤਾ ਸੀ। ਪਰ ਅੱਜ ਦੇ ਬਜਟ ਇਜਲਾਸ ਵਿਚ ਪ੍ਰਧਾਨ ਨੂੰ ਅਕਾਲੀ-ਭਾਜਪਾ ਕੌਂਸਲਰਾਂ ਦਾ ਸਾਥ ਵੀ ਨਸੀਬ ਨਹੀਂ ਹੋਇਆ।