ਪੱਤਰ ਪ੍ਰੇਰਕ
ਜਗਰਾਉਂ, 22 ਅਕਤੂਬਰ
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲੀਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਦੀਆਂ 61 ਬੋਤਲਾਂ, 100 ਗਰਾਮ ਹੈਰੋਇਨ, ਤਿੰਨ ਹਜ਼ਾਰ ਨਸ਼ੀਲੀਆਂ ਗੋਲੀਆਂ, ਮੋਟਰਸਾਈਕਲ ਤੇ ਕਾਰ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਮਾਮਲਿਆਂ ਸਬੰਧੀ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਫ਼ਰਾਰ ਹੋ ਗਿਆ। ਪੁਲੀਸ ਨੇ ਅਵਤਾਰ ਸਿੰਘ ਉਰਫ ਮਤਾਰ, ਦਲਜੀਤ ਸਿੰਘ ਉਰਫ ਗੋਲੂ ਦੋਵੇਂ ਵਾਸੀ ਕੋਠੇ ਸ਼ੇਰਜੰਗ ਨੂੰ ਬੁੱਲੇਟ ਮੋਟਰਸਾਈਕਲ ਨੰਬਰ ਪੀ.ਬੀ.25 ਐਚ.1117 ਸਮੇਤ 100 ਗਰਾਮ ਹੈਰੋਇਨ ਹਿਰਾਸਤ ਵਿੱਚ ਲਿਆ ਹੈ। ਦੂਸਰੇ ਮਾਮਲੇ ’ਚ ਪੁਲੀਸ ਨੇ ਹਰਦੀਪ ਸਿੰਘ ਉਰਫ ਭਾਨਾ ਵਾਸੀ ਮੁਹੱਲਾ ਆਵਿਆਂ ਨੂੰ ਪੰਜ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਤੀਸਰੇ ਮਾਮਲੇ ’ਚ ਥਾਣਾ ਸਦਰ ਨੇ ਗੁਰਜੀਤ ਸਿੰਘ ਲਾਡੀ ਵਾਸੀ ਪਿੰਡ ਢੱਟ ਨੂੰ ਸੋਹੀਆਂ ਪੁੱਲ ਰੇਲਵੇ ਕਰਾਸਿੰਗ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ ਤਿੰਨ ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਚੌਥੇ ਮਾਮਲੇ ਵਿੱਚ ਸਵਰਨ ਸਿੰਘ ਨੂੰ ਗਾਲਬਿ ਕਲਾਂ ਤੋਂ ਗ੍ਰਿਫ਼ਤਾਰ ਕਰਕੇ 41 ਬੋਤਲਾਂ ਨਾਜ਼ਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਸਵਰਨ ਸਿੰਘ ਦਾ ਸਾਥੀ ਸਿਕੰਦਰ ਸਿੰਘ ਪੁਲੀਸ ਦੇ ਹੱਥ ਨਹੀਂ ਲੱਗਿਆ।
ਲੁੱਟ-ਖੋਹ ਕਰਨ ਵਾਲੇ ਕਾਬੂ
ਲੁਧਿਆਣਾ (ਟਨਸ): ਰਾਹਗੀਰਾਂ ਤੋਂ ਲੁੱਟਖੋਹ ਕਰਨ ਵਾਲੇ ਸਿਰਜਾ, ਸ਼ਿਵਮ ਤੇ ਗੁਰਦੀਪ ਤੋਂ ਪੁੱਛਗਿਛ ਦੌਰਾਨ ਕਈ ਖੁਲਾਸੇ ਹੋਏ ਹਨ। ਪੁਲੀਸ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਲੁੱਟ ਦੀਆਂ ਜਿੰਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਉਹ ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਿੰਦੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਦਾ ਮੋਟਰਸਾਈਕਲ, ਵੱਖ-ਵੱਖ ਕੰਪਨੀਆਂ ਦੇ 8 ਮੋਬਾਈਲ ਫੋਨ ਤੇ ਸੋਨੇ ਦੇ ਗਹਿਣਿਆਂ ਸਮੇਤ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।