ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਗਸਤ
ਇਥੇ ਮਾਡਲ ਟਾਊਨ ਸਥਿਤ ਕਾਰੋਬਾਰੀ ਹਰਜਿੰਦਰ ਸਿੰਘ ਦੇ ਘਰ ਵਿੱਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਰ ਦੀ ਨੌਕਰਾਣੀ ਨੂੰ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਉਸ ਦੇ ਕਬਜ਼ੇ ’ਚੋਂ ਸੋਨੇ ਦੀ ਚੇਨ ਤੇ ਹੋਰ ਗਹਿਣੇ ਬਰਾਮਦ ਕੀਤੇ ਹਨ, ਜਦੋਂ ਕਿ ਪੁਲੀਸ ਨੂੰ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਔਰਤ ਨੇ ਚੋਰੀ ਤੋਂ ਬਾਅਦ ਗਹਿਣੇ ਆਪਣੇ ਸਾਥੀ ਨਗਿੰਦਰ ਕੋਲ ਉਤਰ ਪ੍ਰਦੇਸ਼ ਦੇ ਪਿੰਡ ਚੰਦੌਲੀ ਸਥਿਤ ਪਿੰਡ ਹੰਦੌਲੀ ’ਚ ਭੇਜ ਦਿੱਤੇ ਹਨ। ਪੁਲੀਸ ਨੇ ਮੁਲਜ਼ਮ ਔਰਤ ਨੂੰ ਅਦਾਲਤ ’ਚ ਪੇਸ਼ ਕਰ 7 ਦਿਨ ਦਾ ਪੁਲੀਸ ਰਿਮਾਂਡ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਉਸਦੇ ਸਾਥੀ ਮੁਲਜ਼ਮ ਨਗਿੰਦਰ ਨੂੰ ਗ੍ਰਿਫ਼ਤਾਰ ਕਰ ਉਥੋਂ 53 ਤੋਲੇ ਸੋਨੇ ਦੇ ਗਹਿਣੇ, 146 ਗ੍ਰਾਮ ਚਾਂਦੀ ਸਮੇਤ ਹੋਰ ਸਾਮਾਨ ਬਰਾਮਦ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਪ੍ਰਿਆ ਦੇਵੀ ਵਪਾਰੀ ਹਰਜਿੰਦਰ ਸਿੰਘ ਦੇ ਘਰ ਕੰਮ ਕਰਦੀ ਸੀ। ਕੁਝ ਦਿਨ ਪਹਿਲਾਂ ਮੁਲਜ਼ਮ ਔਰਤ ਨੇ ਸਮਾਂ ਦੇਖ ਕੇ ਘਰ ਤੋਂ ਗਹਿਣੇ ਚੋਰੀ ਕਰ ਦਿੱਤੇ ਅਤੇ ਫ਼ਰਾਰ ਹੋ ਗਏ। ਮੁਲਜ਼ਮ ਔਰਤ ਦਾ ਇਸ ਮਾਮਲੇ ’ਚ ਨਗਿੰਦਰ ਨੇ ਉਸਦਾ ਸਾਥ ਦਿੱਤਾ। ਘਰ ’ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਪੁਲੀਸ ਨੂੰ ਇਸਦੀ ਸੂਚਨਾ ਮਿਲੀ ਤਾਂ ਪੁਲੀਸ ਨੇ ਜਾਂਚ ਦੌਰਾਨ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ।
ਇਸ ਤੋਂ ਬਾਅਦ ਪਤਾ ਲੱਗਿਆ ਕਿ ਮੁਲਜ਼ਮ ਔਰਤ ਨੇ ਨਗਿੰਦਰ ਦੇ ਰਾਹੀਂ ਗਹਿਣੇ ਪਿੰਡ ਭੇਜ ਦਿੱਤੇ ਹਨ। ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਔਰਤ ਦਾ ਪੁਲੀਸ ਰਿਮਾਂਡ ਲਿਆ ਅਤੇ ਮੁਲਜ਼ਮ ਔਰਤ ਦੇ ਸਾਥੀ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਹੁਣ ਮੁਲਜ਼ਮ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਘਰ ’ਚੋਂ ਗਹਿਣੇ ਤੇ ਨਗਦੀ ਚੋਰੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਦੇ ਇਲਾਕੇ ਵਿੱਚ ਕੁਝ ਵਿਅਕਤੀ ਇੱਕ ਘਰ ਦੇ ਤਾਲੇ ਤੋੜ ਕੇ ਅੰਦਰੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਕੇ ਲੈ ਗਏ ਹਨ। ਗੀਤਾ ਵਿਹਾਰ ਥਰੀਕੇ ਵਾਸੀ ਜਸਬੀਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਨਾਲ ਸੰਗੋਵਾਲ ਨਹਿਰ ਸਥਿਤ ਨਿਰੰਕਾਰੀ ਭਵਨ ਸਤਿਸੰਗ ਲਈ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਜਾ ਕੇ ਸਾਮਾਨ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਨਾਮਲੂਮ ਵਿਅਕਤੀ ਤਿੰਨ ਲੇਡੀਜ਼ ਸੋਨੇ ਦੇ ਕੜੇ, ਇੱਕ ਸੋਨੇ ਦੀ ਚੇਨ ਲੌਕਟ ਸਮੇਤ, ਚਾਰ ਸੋਨੇ ਦੀਆਂ ਮੁੰਦਰੀਆਂ, ਇੱਕ ਸੈੱਟ ਸੋਨੇ ਦੀਆਂ ਵਾਲੀਆਂ, ਇਕ ਸੈੱਟ ਟੌਪਸ, 90 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, 100 ਆਸਟ੍ਰੇਲੀਅਨ ਡਾਲਰ, 10 ਸਵੀਡਨ ਯੂਰੋ, ਚਾਂਦੀ ਦੇ ਗਿਲਾਸ, ਚਾਂਦੀ ਦਾ ਕੜਾ ਅਤੇ ਹੋਰ ਚਾਂਦੀ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।