ਡੀਪੀਐੱਸ ਬੱਤਰਾ
ਸਮਰਾਲਾ , 13 ਅਗਸਤ
ਇਥੇ ਦਸ ਦਿਨ ਪਹਿਲਾਂ ਕਾਰ ਸਵਾਰ ਲੁਟੇਰਿਆਂ ਵੱਲੋਂ ਇੱਕ ਕੀਟਨਾਸ਼ਕ ਕੰਪਨੀ ਦੇ ਸੇਲਜਮੈਨਾਂ ਤੋਂ ਪਿਸਤੌਲ ਦੀ ਨੋਕ ’ਤੇ 16 ਲੱਖ 94 ਹਜ਼ਾਰ ਰੁਪਏ ਦੀ ਲੁੱਟ ਕਰਨ ਵਾਲੇ ਚਾਰ ਲੁਟੇਰਿਆਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਇਨ੍ਹਾਂ ਲੁਟੇਰਿਆਂ ਪਾਸੋਂ ਲੁੱਟੀ ਗਈ ਰਕਮ ਵਿੱਚੋਂ 3 ਲੱਖ 60 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਲੁੱਟ ਦੀ ਵਾਰਦਾਤ ਵੇਲੇ ਵਰਤੀ ਗਈ ਕਾਰ ਨੂੰ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ, ਜਤਿਨ ਸ਼ਰਮਾ ਵਾਸੀ ਏਕਤਾ ਕਾਲੋਨੀ, ਰਾਜਪੁਰਾ ਨੇ ਆਪਣੇ ਰਿਸ਼ਤੇਦਾਰ ਵਿਜੈ ਕੁਮਾਰ ਵਾਸੀ ਰਾਜਪੁਰਾ ਦੇ ਕਹਿਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ’ਚ ਉਸ ਨਾਲ 2 ਹੋਰ ਸਾਥੀ ਸੰਦੀਪ ਸਿੰਘ ਅਤੇ ਸਤਪਾਲ ਸਿੰਘ ਵਾਸੀ ਰੁਦਰਪੁਰ (ਉੱਤਰਾਖੰਡ) ਵੀ ਸ਼ਾਮਲ ਸਨ। ਵਿਜੈ ਕੁਮਾਰ ਖ਼ਿਲਾਫ਼ ਪਹਿਲਾਂ ਵੀ ਉੱਤਰਾਖੰਡ ’ਚ ਕੇਸ ਦਰਜ ਹੈ, ਜਿੱਥੇ ਉਸਦੀ ਮੁਲਾਕਾਤ ਜੇਲ੍ਹ ਵਿੱਚ ਸੰਦੀਪ ਅਤੇ ਸਤਪਾਲ ਨਾਲ ਹੋਈ ਸੀ। ਐੱਸਪੀ ਦਾ ਕਹਿਣਾ ਹੈ, ਕਿ ਉਕਤ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ।