ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਬਰਗਾੜੀ ਅਤੇ ਬਹਬਿਲ ਕਲਾਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ ਕੀਤੀ ‘ਸਿੱਟ’ ਵੱਲੋਂ ਜਾਰੀ ਰਿਪੋਰਟ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੂਠ ਨੂੰ ਨੰਗਾ ਕਰ ਦਿੱਤਾ ਹੈ। ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਹਰਭਜਨ ਸਿੰਘ ਡੰਗ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਐਡਵੋਕੇਟ ਹਰੀਸ਼ ਰਾਏ ਢਾਂਡਾ, ਹਰਭਜਨ ਸਿੰਘ ਡੰਗ ਅਤੇ ਅਤੇ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਨਾਲ ਅਕਾਲੀ ਦਲ ਖ਼ਿਲਾਫ਼ ਜੋ ਕੂੜ ਪ੍ਰਚਾਰ ਕੀਤਾ ਗਿਆ ਸੀ, ਉਸ ਦੀ ਸਾਰੀ ਸੱਚਾਈ ਇਸ ਰਿਪੋਰਟ ਵਿੱਚ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਲੋਕਾਂ ਨੂੰ ਹਰਗਿਜ਼ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਕੂੜ ਪ੍ਰਚਾਰ ਕਰ ਕੇ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬਦਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਇਨ੍ਹਾਂ ਲੋਕਾਂ ਨੂੰ ਅਦਾਲਤ ਵਿੱਚ ਵੀ ਖਿੱਚਿਆ ਜਾਵੇਗਾ ਕਿਉਂਕਿ ਕੂੜ ਪ੍ਰਚਾਰ ਕਾਰਨ ਜਿੱਥੇ ਪੰਜਾਬ ਦੇ ਲੋਕਾਂ ਨੂੰ ਕਈ ਸਾਲ ਸੰਤਾਪ ਹੰਢਾਉਣਾ ਪਿਆ ਹੈ, ਉੱਥੇ ਅਕਾਲੀ ਦਲ ਨੂੰ ਵੀ ਇਸਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਇਸ ਮੌਕੇ ਕੰਵਲਜੀਤ ਸਿੰਘ ਦੂਆ, ਹਰਪ੍ਰੀਤ ਸਿੰਘ ਡੰਗ, ਅਵਤਾਰ ਸਿੰਘ ਬਿੱਟਾ, ਕੰਵਲਦੀਪ ਸਿੰਘ ਬਹਿਲ ਅਤੇ ਸਤਨਾਮ ਸਿੰਘ ਹਾਜ਼ਰ ਸਨ।