ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਅਕਤੂਬਰ
ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਤਿਸੰਗ ਸਮਾਗਮ ਕਰਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਪਤਨੀ ਸੁਖਚੈਨ ਕੌਰ, ਚੇਅਰਮੈਨ ਤਰਸੇਮ ਸਿੰਘ ਭਿੰਡਰ ਅਤੇ ‘ਆਪ’ ਆਗੂ ਸ਼ਰਨਪਾਲ ਸਿੰਘ ਮੱਕੜ ਪੁੱਜੇ। ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਗੁਰੂ ਨਾਨਕ ਭਵਨ ਵਿੱਚ ਕੀਤੇ ਸਮਾਗਮ ਦੌਰਾਨ ਭਾਵਾਧਸ ਦੇ ਧਰਮ ਗੁਰੂ ਸਵਾਮੀ ਚੰਦਰਪਾਲ ਅਨਾਰਿਆ ਨੇ ਸਤਿਸੰਗ ਜੋਤੀ ਰੋਸ਼ਨ ਕੀਤੀ। ਪ੍ਰਮੁੱਖ ਬੁਲਾਰਿਆਂ ਨੇ ਭਗਵਾਨ ਵਾਲਮੀਕਿ ਦੇ ਜੀਵਨ ਬਾਰੇ ਰੋਸ਼ਨੀ ਪਾਈ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਅਤੇ ਕੁਲਵੰਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ 18 ਅਕਤੂਬਰ ਦਿਨ ਮੰਗਲਵਾਰ ਨੂੰ ਗੁਰੂ ਨਾਨਕ ਭਵਨ ਵਿੱਚ 3600 ਸੀਵਰਮੈਨਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਨਿਯੁਕਤੀ ਦੇ ਪੱਤਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ 1993 ਤੋਂ ਬਾਅਦ ਕਦੇ ਵੀ ਪੰਜਾਬ ਵਿੱਚ ਸੀਵਰਮੈਨ ਪੱਕੇ ਨਹੀਂ ਕੀਤੇ ਗਏ ਸਨ ਅਤੇ ਸਫ਼ਾਈ ਕਰਮਚਾਰੀਆਂ ਨੂੰ ਵੀ ਬਾਕੀ ਸਰਕਾਰਾਂ ਨੇ ਸਿਰਫ਼ ਲਾਰਿਆਂ ਤੋਂ ਸਿਵਾਏ ਹੋਰ ਕੁੱਝ ਨਹੀਂ ਸੀ ਦਿੱਤਾ। ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਦਾ ਵਿਸ਼ੇਸ਼ ਸੁਨੇਹਾ ਦਿੱਲੀ ਤੋਂ ਰਾਹੁਲ ਹਿਤੈਸ਼ੀ ਲੈ ਕੇ ਪੁੱਜੇ। ਗਾਇਕ ਹੈਪੀ ਰਾਹਤ ਵਲੋਂ ਭਜਨਾਂ ਦਾ ਗੁਣਗਾਨ ਕੀਤਾ ਗਿਆ।