ਗਗਨਦੀਪ ਅਰੋੜਾ
ਲੁਧਿਆਣਾ, 15 ਅਕਤੂਬਰ
ਸਨਅਤੀ ਸ਼ਹਿਰ ਵਿੱਚ ਅੱਜ ਦਸਹਿਰੇ ਮੌਕੇ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ’ਚ ਰਾਵਣ ਦੇ ਪੁਤਲੇ ਫੂਕੇ ਗਏ। ਸਨਅਤੀ ਸ਼ਹਿਰ ਵਿੱਚ ਸਭ ਤੋਂ ਪੁਰਾਣੇ ਦਰੇਸੀ ਮੈਦਾਨ ਵਿੱਚ 95 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਾਇਆ ਗਿਆ ਸੀ, ਜਿਸ ਨੂੰ ਸ਼੍ਰੀ ਰਾਮ ਦੇ ਤੀਰ ਲੱਗਣ ਤੋਂ ਬਾਅਦ ਰਿਮੋਟ ਦਾ ਬਟਨ ਦੱਬ ਕੇ ਸਾੜਿਆ ਗਿਆ। ਇਸ ਮੌਕੇ ਮੇਲਾ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਸਨ। ਇਸ ਤੋਂ ਇਲਾਵਾ ਸਨਅਤੀ ਸ਼ਹਿਰ ਵਿੱਚ 23 ਥਾਵਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸ਼ਹਿਰ ਵਿੱਚ ਕਈ ਥਾਵਾਂ ’ਤੇ ਖਾਸ ਤੌਰ ’ਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਸ਼ਹਿਰ ਦੇ ਸਭ ਤੋਂ ਪੁਰਾਣੇ ਇਤਿਹਾਸਿਕ ਸਥਾਨ ਦਰੇਸੀ ਵਿੱਚ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਦਸਹਿਰਾ ਮੇਲਾ ਲਗਾਇਆ ਗਿਆ ਸੀ, ਜਿਸ ਵਿੱਚ ਕਮੇਟੀ ਵੱਲੋਂ 95 ਫੁੱਟ ਦਾ ਰਾਵਣ ਤਿਆਰ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਆਗਰਾ ਤੋਂ ਆਏ ਸਿਵਲ ਇੰਜਨੀਅਰ ਕਾਰੀਗਰ ਨੇ ਖਾਸ ਤੌਰ ’ਤੇ ਰਾਵਣ ਦਾ ਪੁਤਲਾ ਬਣਾਇਆ ਸੀ, ਜਿਸਨੂੰ ਰਿਮੋਟ ਦਾ ਬਟਨ ਦਬਾ ਕੇ ਸਾੜਿਆ ਗਿਆ। ਰਿਮੋਟ ਦਾ ਬਟਨ ਦਬਦੇ ਹੀ ਸਭ ਤੋਂ ਪਹਿਲਾਂ 95 ਫੁੱਟ ਦੇ ਰਾਵਣ ਦੇ ਪੁਤਲੇ ਦੇ ਮੂੰਹ, ਅੱਖਾਂ ਵਿੱਚੋਂ ਚਿੰਗਾਰੀਆਂ ਨਿਕਲਣੀਆਂ ਸ਼ੁਰੂ ਹੋਈਆਂ, ਉਸ ਤੋਂ ਬਾਅਦ ਰਾਵਣ ਦੇ ਮੁਕੁੱਟ ਵਿੱਚੋਂ ਚੱਕਰੀ ਚਲਣੀ ਸ਼ੁਰੂ ਹੋਈ ਤੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਗਈ। ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਿਧਾਇਕ ਸੁਰਿੰਦਰ ਡਾਵਰ ਤੇ ਮਹੰਤ ਨਾਰਇਣ ਪੁਰੀ ਨੇ ਰਿਮੋਟ ਦਾ ਬਟਨ ਦਬ ਕੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ।
ਖੰਨਾ/ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਇਥੇ ਦਸਹਿਰਾ ਕਮੇਟੀ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਦਸਹਿਰੇ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਸੱਭਿਆਚਾਰਕ ਸਮਾਗਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਪ੍ਰਸਿੱਧ ਕਲਾਕਾਰਾਂ ਨੇ ਆਪਣੇ ਜੌਹਰ ਦਿਖਾਏ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਇਹ ਤਿਉਹਾਰ ਝੂਠ ਤੇ ਸੱਚ ਅਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਰਮਾਇਣ ਦੀ ਅਸਲ ਸਿੱਖਿਆ ਰੂਹਾਨੀ ਹੈ, ਜੋ ਸਾਨੂੰ ਆਤਮ ਤੱਤ ਦੀ ਜਾਣਕਾਰੀ ਦਿੰਦੀ ਹੈ। ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਇਸ ਤਿਉਹਾਰ ਦਾ ਇਕ ਰੂਹਾਨੀ ਪਹਿਲੂ ਇਹ ਵੀ ਹੈ ਕਿ ਸਾਨੂੰ ਘਮੰਡ ਛੱਡ ਕੇ ਹਲੀਮੀ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਬੰਤ ਸਿੰਘ ਦੋਬੁਰਜੀ, ਰਣਜੀਤ ਸਿੰਘ, ਹਰਨੇਕ ਸਿੰਘ, ਗੁਰਿੰਦਰ ਸਿੰਘ, ਕੁਲਵੰਤ ਸਿੰਘ, ਨਵਜੀਤ ਸਿੰਘ, ਰਿੱਕੀ ਬੈਕਟਰ, ਜਸਮਿੰਦਰ ਸਿੰਘ, ਹਰਭਜਨ ਸਿੰਘ, ਸੰਦੀਪ ਸੂਦ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਖੰਨਾ ਵਿੱਚ ਵੀ ਦਸਹਿਰਾ ਕਮੇਟੀ ਵੱਲੋਂ ਦਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਸ੍ਰੀ ਰਾਮਲੀਲ੍ਹਾ ਦਸਹਿਰਾ ਕਮੇਟੀ ਮੰਡੀ ਮੁੱਲਾਂਪੁਰ ਵੱਲੋਂ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਕੈਪਟਨ ਸੰਦੀਪ ਸੰਧੂ ਇੰਚਾਰਜ ਹਲਕਾ ਦਾਖਾ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਦਲੀਪ ਸਿੰਘ ਰਾਣਾ ਗਰੇਟ ਖਲੀ ਵੀ ਵਿਸ਼ੇਸ਼ ਮਹਿਮਾਨ ਵਜੋਂ ਦਸਹਿਰਾ ਗਰਾਊਂਡ ਵਿੱਚ ਪਹੁੰਚੇ। ਕੈਪਟਨ ਸੰਧੂ ਨੇ ਭਗਵਾਨ ਰਾਮ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ। ਉੱਘੇ ਗਾਇਕ ਸੁਖਵਿੰਦਰ ਸੁੱਖੀ ਵੱਲੋਂ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਨਗਰ ਕੌਂਸਲ ਮੁੱਲਾਂਪੁਰ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਇਲਾਕਾ ਵਾਸੀਆਂ ਨੂੰ ਦਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ। ਥਾਣਾ ਦਾਖਾ ਦੀ ਪੁਲੀਸ ਦੇ ਮੁਖੀ ਹਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਰਾਏਕੋਟ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ’ਚ ਦਸਹਿਰਾ ਕਮੇਟੀ ਰਾਏਕੋਟ ਵਲੋਂ ਪ੍ਰਧਾਨ ਗੋਪਾਲ ਕ੍ਰਿਸ਼ਨ ਜੋਸ਼ੀ ਦੀ ਅਗਵਾਈ ’ਚ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਏ ਗਏ ਦਸਹਿਰਾ ਮੇਲਾ ਸਮਾਗਮ ਵਿੱਚ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਵਿਨੋਦ ਖੁਰਮੀ ਵਲੋਂ ਅਦਾ ਕੀਤੀ। ਜੋਤੀ ਪ੍ਰਚੰਡ ਡਾ. ਸੁਰਿੰਦਰ ਸਿੰਘ ਨੱਥੋਵਾਲ ਵਲੋਂ ਕੀਤੀ ਗਈ। ਇਸ ਮੌਕੇ ਕਾਮਿਲ ਬੋਪਾਰਾਏ ਨੇ ਸਮੂਹ ਇਲਾਕਾ ਵਾਸੀਆਂ ਨੂੰ ਦਸਹਿਰੇ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਪ੍ਰਬੰਧਕਾਂ ਵੱਲੋਂ ਦਸਹਿਰੇ ਮੇਲੇ ਵਿੱਚ ਪੁੱਜਣ ਵਾਲੀਆਂ ਸੰਗਤਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਸਮਾਗਮ ਵੀ ਕਰਵਾਇਆ ਗਿਆ। ਸੂਰਜ ਛਿਪਣ ਦੇ ਨਾਲ ਹੀ ਬੁਰਾਈ ਦੇ ਪ੍ਰਤੀਕ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਟ ਕਰ ਦਿੱਤਾ ਗਿਆ।
ਦੂਬੇ ਪਰਿਵਾਰ ਵੱਲੋਂ ਪਾਇਲ ’ਚ ਰਾਵਣ ਦੀ ਪੂਜਾ
ਪਾਇਲ (ਦੇਵਿੰਦਰ ਸਿੰਘ ਜੱਗੀ):ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਹਿਰੇ ਮੌਕੇ ਰਾਵਣ ਦੀ ਪੂਜਾ ਕੀਤੀ ਗਈ। ਭਾਵੇਂ ਵੱਖ-ਵੱਖ ਥਾਵਾਂ ’ਤੇ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ ਪਰ ਪਾਇਲ ਇੱਕ ਅਜਿਹਾ ਸ਼ਹਿਰ ਹੈ, ਜਿਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਰਾਵਣ ਦੇ ਆਦਮ ਕੱਦ ਬੁੱਤ ’ਤੇ ਪਾਇਲ ਵਾਸੀਆਂ, ਖਾਸਕਰ ਦੂਬੇ ਪਰਿਵਾਰ ਵੱਲੋਂ ਰਾਵਣ ਦੀ ਪੂਜਾ ਕੀਤੀ ਗਈ। ਪੂਜਾ ਦੀ ਰਸਮ ਕਰਨ ਸਮੇਂ ਦੂਬੇ ਪਰਿਵਾਰ ਵਲੋਂ ਸ਼ਰਾਬ ਦੀ ਬੋਤਲ, ਬੱਕਰਾ ਅਤੇ ਹੋਰ ਸਮੱਗਰੀ ਹਾਜ਼ਰ ਕੀਤੀ ਗਈ। ਬੱਕਰੇ ਦਾ ਕੰਨ ਕੱਟ ਕੇ ਖੂਨ ਦਿੱਤਾ ਅਤੇ ਸ਼ਰਾਬ ਦੀ ਬੋਤਲ ਦਾ ਭੋਗ ਲਵਾਇਆ ਗਿਆ। ਇਸ ਸਮੇਂ ਡੀਐੱਸਪੀ ਦਵਿੰਦਰ ਸਿੰਘ ਅੱਤਰੀ ਅਤੇ ਐੱਸਐੱਚਓ ਪਾਇਲ ਕਰਨੈਲ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਗਏ ਸਨ। ਰਾਵਣ ਦੀ ਪੂਜਾ ਕਰਨ ਸਮੇਂ ਦੂਬੇ ਪਰਿਵਾਰ ਦੇ ਅਨੁਰਾਗ ਦੂਬੇ, ਅਖਿਲ ਦੂਬੇ, ਵਿਨੋਦ ਰਾਜ ਦੂਬੇ, ਪ੍ਰਮੋਦ ਰਾਜ ਦੂਬੇ, ਸੰਜੇ ਦੂਬੇ ਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਡਾਇਰੈਕਟਰ ਮਨਜੀਤ ਸਿੰਘ ਮੀਤਾ ਵੀ ਹਾਜ਼ਰ ਸਨ।