ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਜੁਲਾਈ
ਜਿਉਂ-ਜਿਉਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਹਲਕਾ ਸਮਰਾਲਾ ਦੀ ਸਿਆਸਤ ਵੀ ਭਖਦੀ ਜਾ ਰਹੀ ਹੈ। ਹੁਣ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਿਚ ‘ਪੋਸਟਰ ਜੰਗ’ ਛਿੜੀ ਦਿਖਾਈ ਦੇ ਰਹੀ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਾਂ 2022 ਦੀਆਂ ਚੋਣਾਂ ਲਈ ਉਮੀਦਵਾਰ ਲਗਭਗ ਤੈਅ ਹਨ, ਜਿਸ ਵਿਚ ਕਾਂਗਰਸ ਵਲੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਅਕਾਲੀ ਦਲ ਵਲੋਂ ਨਵ-ਨਿਯੁਕਤ ਕੀਤੇ ਗਏ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਮੈਦਾਨ ਵਿਚ ਉਤਾਰੇ ਜਾ ਸਕਦੇ ਹਨ ਪਰ ਇਸ ਸਮੇਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਿਚਕਾਰ ਪੂਰੀ ਕਸਮਕਸ਼ ਦੇਖਣ ਨੂੰ ਮਿਲ ਰਹੀ ਹੈ। ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਜੋ ਕਿ ਡੇਢ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ, ਉਸ ਦਿਨ ਤੋਂ ਹੀ ਪਾਰਟੀ ਦੀ ਸਿਆਸਤ ਭਖੀ ਹੋਈ ਹੈ। ਸਾਰੇ ਸੰਭਾਵੀ ਉਮੀਦਵਾਰਾਂ ਵਲੋਂ ਹਲਕੇ ਦੀਆਂ ਕੰਧਾਂ ’ਤੇ ਪਾਰਟੀ ਦੀਆਂ ਨੀਤੀਆਂ ਵਾਲੇ ਆਪਣੇ ਪੋਸਟਰ ਲਗਾਏ ਜਾ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬੰਸ ਸਿੰਘ ਮਾਣਕੀ ਸਾਢੇ 4 ਸਾਲ ਲਗਭਗ ਹਲਕੇ ’ਚੋਂ ਅਲੋਪ ਰਹੇ ਅਤੇ ਇਸ ਦੌਰਾਨ ‘ਆਪ’ ਆਗੂ ਜਗਤਾਰ ਸਿੰਘ ਦਿਆਲਪੁਰਾ ਵਲੋਂ ਹਲਕੇ ’ਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ‘ਆਪ’ ਆਗੂ ਜਗਤਾਰ ਸਿੰਘ ਦਿਆਲਪੁਰਾ ਅਜੇ ਸਮਰਾਲਾ ਤੋਂ ਸੰਭਾਵੀ ਉਮੀਦਵਾਰ ਵਜੋਂ ਵਿਚਰ ਰਹੇ ਸਨ ਕਿ ਇਸ ਦੌਰਾਨ ਕਾਂਗਰਸ ਛੱਡ ਕੇ ਨੌਜਵਾਨ ਆਗੂ ਰੁਪਿੰਦਰ ਸਿੰਘ ਮੁੰਡੀ ਵੀ ਪਾਰਟੀ ਵਿਚ ਸ਼ਾਮਲ ਹੋ ਗਏ, ਜੋ ਕਿ ਟਿਕਟ ਦੇ ਦਾਅਵੇਦਾਰ ਵਜੋਂ ਸਾਹਮਣੇ ਆਏ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਕਿਸ ਨੂੰ ਮਿਲੇਗੀ, ਉਸਦਾ ਜਿੱਥੇ ਇਲਾਕੇ ਦੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ, ਉਥੇ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਵੀ ਨਜ਼ਰਾਂ ਟਿਕਾਈ ਬੈਠੇ ਹਨ।
ਹਲਕੇ ’ਚ ‘ਆਪ’ ਦੇ ਸਰਗਰਮ ਆਗੂ
ਹਲਕਾ ਸਮਰਾਲਾ ਦੀਆਂ ਕੰਧਾਂ ’ਤੇ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਜਗਜੀਵਨ ਸਿੰਘ ਖੀਰਨੀਆਂ, ਜਗਤਾਰ ਸਿੰਘ ਦਿਆਲਪੁਰਾ, ਰੁਪਿੰਦਰ ਸਿੰਘ ਮੁੰਡੀ ਤੇ ਡਾ. ਸੋਹਣ ਲਾਲ ਬਲੱਗਣ ਵਲੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੇ ਲਗਾਏ ਪੋਸਟਰਾਂ ਤੋਂ ਬਾਅਦ ਇਹ ਛਿੜੀ ਵਾਰ ਅਜੇ ਹੋਰ ਭਖ ਸਕਦੀ ਹੈ ਕਿਉਂਕਿ ਇਹ ਵੀ ਚਰਚਾ ਹੈ ਕਿ ਪੰਜਵਾਂ ਸੰਭਾਵੀ ਉਮੀਦਵਾਰ ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਭਤੀਜਾ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਵੀ ਕਿਸੇ ਸਮੇਂ ‘ਆਪ’ ਵਿਚ ਸ਼ਾਮਲ ਹੋ ਧਮਾਕਾ ਕਰ ਸਕਦਾ ਹੈ।