ਗੁਰੂਸਰ ਸੁਧਾਰ: ਦਿਨੋਂ-ਦਿਨ ਡੂੰਘੇ ਹੁੰਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਫ਼ਿਕਰਮੰਦ ਹੋਈਆਂ ਕਿਸਾਨ ਜਥੇਬੰਦੀਆਂ ਨੇ ਹੁਣ ਆਪਣੇ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਮੁਹਿੰਮ ਤਹਿਤ 10 ਜੁਲਾਈ ਤੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਹਰ ਕਿਸਾਨ ਨੂੰ ਆਪਣੇ ਖੇਤ ਵਿੱਚ ਹਰ ਟਿਊਬਵੈੱਲ ਨੇੜੇ ਘੱਟੋ-ਘੱਟ 5-5 ਫ਼ਲਦਾਰ ਜਾਂ ਛਾਂਦਾਰ ਦਰੱਖਤ ਲਾਉਣ ਲਈ ਪ੍ਰੇਰਨਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਰਣਬੀਰ ਸਿੰਘ ਸੰਘੇੜਾ ਪ੍ਰਧਾਨ ਬਲਾਕ ਸੁਧਾਰ, ਮਨਪ੍ਰੀਤ ਸਿੰਘ ਪ੍ਰਧਾਨ ਬਲਾਕ ਰਾਏਕੋਟ, ਇਕਾਈ ਪ੍ਰਧਾਨ ਸਿਕੰਦਰ ਸਿੰਘ ਅਤੇ ਅਵਤਾਰ ਸਿੰਘ ਮੀਤ ਪ੍ਰਧਾਨ ਨੇ ਇੱਕ ਮੀਟਿੰਗ ਤੋਂ ਬਾਅਦ ਦੱਸਿਆ ਕਿ ਜਥੇਬੰਦੀ ਵੱਲੋਂ ‘ਰੁੱਖ ਲਾਓ, ਪੰਜਾਬ ਬਚਾਓ’ ਦੇ ਕੀਤੇ ਫ਼ੈਸਲੇ ਅਨੁਸਾਰ 10 ਤੋਂ 31 ਜੁਲਾਈ ਤੱਕ ਹਰ ਕਿਸਾਨ ਦੇ ਟਿਊਬਵੈੱਲ ਨੇੜੇ ਕਿਸਾਨ ਦੀ ਇੱਛਾ ਅਨੁਸਾਰ ਫ਼ਲਦਾਰ ਜਾਂ ਛਾਂਦਾਰ ਦਰੱਖਤ ਲਾਉਣ ਅਤੇ ਉਨ੍ਹਾਂ ਨੂੰ ਪਾਲਣ ਲਈ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਵੀ ਦਰੱਖਤ ਲਾਉਣ ਲਈ ਪ੍ਰੇਰਨਾ ਦਿੱਤੀ ਜਾਵੇਗੀ। -ਪੱਤਰ ਪ੍ਰੇਰਕ