ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਜਨਵਰੀ
ਇੱਥੋਂ ਨੇੜਲੇ ਪਿੰਡ ਦੇਹੜਕਾ ਵਿਚ ਕਿਸਾਨਾਂ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ’ਚ ਮੋਹਰੀ ਰੋਲ ਅਦਾ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਸਿਰਫ਼ ਕੇਂਦਰ ਹਕੂਮਤ ਦੀਆਂ ਗੋਡਣੀਆਂ ਹੀ ਨਹੀਂ ਲਵਾਈਆਂ ਸਗੋਂ ਸੰਸਾਰ ਭਰ ਦੇ ਕਿਰਤੀ ਲੋਕਾਂ ਦੇ ਦੁਸ਼ਮਣ ਕਾਰਪੋਰੇਟਾਂ ਨੂੰ ਭੁੰਜੇ ਸੁੱਟਿਆ ਹੈ। ਕਿਸਾਨਾਂ ਨੇ ਸਬਰ ਤੇ ਸਿਰੜ ਨਾਲ ਅਮਰੀਕੀ ਸਾਮਰਾਜ ਦੀ ਅਗਵਾਈ ’ਚ ਭਾਰਤ ਦੀ ਖੇਤੀ ’ਤੇ ਕਬਜ਼ਾ ਕਰਨ ਦੀ ਸਾਜਿਸ਼ ਨੂੰ ਨਾਕਾਮ ਕਰਦਿਆਂ ਅੰਨ੍ਹੇ ਮੁਨਾਫ਼ੇ ਦੀ ਹਵਸ ਨਾਲ ਮੱਥਾ ਲਾਇਆ ਹੈ। ਆਜ਼ਾਦੀ ਤੋਂ ਪਹਿਲਾਂ ਇੰਗਲੈਂਡ ਦੀ ਅਗਵਾਈ ’ਚ ਦੇਸ਼ ’ਤੇ ਕਾਬਜ਼ ਸਾਮਰਾਜ ਖ਼ਿਲਾਫ਼ ਜੋ ਲੜਾਈ ਸ਼ਹੀਦ ਭਗਤ ਸਿੰਘ ਤੇ ਹੋਰ ਸ਼ਹੀਦਾਂ ਨੇ ਲੜੀ ਸੀ, ਕਿਸਾਨ ਅੰਦੋਲਨ ਦੀ ਜਿੱਤ ਵੀ ਉਸੇ ਦਾ ਹਿੱਸਾ ਹੈ। ਇਸ ਸਬੰਧੀ ਕੰਵਲਜੀਤ ਖੰਨਾ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਗੁਰਪ੍ਰੀਤ ਸਿੰਘ ਸਿੱਧਵਾਂ ਆਦਿ ਨੇ ਕਿਹਾ ਕਿ ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਰਾਹੀਂ ਦੇਸ਼ ਦੇ ਪੈਦਾਵਾਰੀ ਸਾਧਨਾਂ ’ਤੇ ਕਬਜ਼ਾ ਕਰਨ ਲਈ ਸੰਸਾਰ ਵਪਾਰ ਸੰਸਥਾ ਰਾਹੀਂ ਲਿਆਂਦੇ ਖੇਤੀ ਕਾਨੂੰਨ ਕਿਸਾਨੀ ਦੀ ਮੌਤ ਦਾ ਸਾਮਾਨ ਸਨ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਤੋਂ ਬਾਅਦ ਸੰਸਾਰ ਵਪਾਰ ਸੰਸਥਾ ’ਚੋਂ ਦੇਸ਼ ਨੂੰ ਬਾਹਰ ਕਢਵਾਉਣ ਦੀ ਚੁਣੌਤੀ ਇਸ ਤੋਂ ਕਿੱਤੇ ਵੱਡੀ ਹੈ।
ਬੀਕੇਯੂ ਏਕਤਾ (ਡਕੌਂਦਾ) ਦੀ ਅਗਵਾਈ ’ਚ ਗੁਰਦੁਆਰਾ ਬਾਬਾ ਫਤਿਹ ਸਿੰਘ ਵਿਚ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ’ਚ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਸਨਮਾਨ ਸਮਾਰੋਹ ਹੋਇਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਧੜੇਬੰਦੀ ਤੋਂ ਪਾਸੇ ਰਹਿ ਕੇ ਕਿਸੇ ਵੀ ਵੋਟ ਪਾਰਟੀ ਦਾ ਸਮਰਥਨ ਨਹੀਂ ਕਰਨਾ ਹੈ। ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 31 ਜਨਵਰੀ ਨੂੰ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਵਾਅਦਾ ਖ਼ਿਲਾਫ਼ੀ ਦਿਵਸ ਮਨਾਉਣਾ ਹੈ। ਇਸ ਸਮੇਂ ਪਿੰਡ ਇਕਾਈ ਪ੍ਰਧਾਨ ਸੁਖਦੇਵ ਸਿੰਘ ਖਹਿਰਾ, ਸਕੱਤਰ ਬੇਅੰਤ ਸਿੰਘ, ਬਲਵੰਤ ਸਿੰਘ, ਗੁਰਬਚਨ ਸਿੰਘ ਧਾਲੀਵਾਲ, ਲਖਵੀਰ ਸਿੰਘ ਮਾਨੇਕਾ, ਕਰਮਜੀਤ ਸਿੰਘ ਸਰਪੰਚ, ਮਨਦੀਪ ਸਿੰਘ ਭੰਮੀਪੁਰਾ, ਦਵਿੰਦਰ ਸਿੰਘ ਕਾਉਂਕੇ ਆਦਿ ਆਗੂ ਹਾਜ਼ਰ ਸਨ।