ਪੱਤਰ ਪ੍ਰੇਰਕ
ਸਮਰਾਲਾ, 7 ਮਈ
ਪੰਜਾਬ ਪਬਲਿਕ ਸਕੂਲ ਸਮਰਾਲਾ ਵਿੱਚ ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਤੇ ਡਾਇਰੈਕਟਰ ਜਗਦੇਵ ਸਿੰਘ ਬਾਠ ਦੀ ਅਗਵਾਈ ਹੇਠ ਵਿਸ਼ਵ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੀਆਂ ਮਾਵਾਂ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਨਾਟਕ, ਗੀਤ ਅਤੇ ਡਾਂਸ ਪੇਸ਼ ਕੀਤੇ ਜਦਕਿ ਆਪਣੀਆਂ ਮਾਵਾਂ ਪ੍ਰਤੀ ਪਿਆਰ ਨੂੰ ਪ੍ਰਗਟ ਕਰਦੇ ਸੁੰਦਰ ਕਾਰਡ ਵੀ ਬਣਾਏ। ਇਸ ਮੌਕੇ ਮਿਊਜ਼ਿਕ ਚੇਅਰ ਗੇਮ ਕਰਵਾਈ ਗਈ, ਜਿਸ ਵਿੱਚ ਕਮਲਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰ. ਹਰਜਿੰਦਰ ਸਿੰਘ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਮੌਕੇ ਪ੍ਰੋ. ਬਲਜੀਤ ਸਿੰਘ, ਪਰਮਜੀਤ ਕੌਰ, ਕੁਲਦੀਪ ਸਿੰਘ, ਸੋਨੀਆ ਸ਼ਰਮਾ, ਮਨਦੀਪ ਕੌਰ, ਕਮਲਜੀਤ ਕੰਗ ਆਦਿ ਤੋਂ ਇਲਾਵਾ ਸਕੂਲ ਦਾ ਸਟਾਫ਼ ਹਾਜ਼ਰ ਸੀ।
ਇਸੇ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ ਵਿਚ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਮਾਂ ਦਿਵਸ ਮਨਾਇਆ ਗਿਆ। ਸਕੂਲ ਦੇ ਚਾਰੋਂ ਹਾਊਸਾਂ ਦੇ ਵਿਦਿਆਰਥੀਆਂ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਭਾਸ਼ਣ, ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਮਾਂ ਦੀ ਜ਼ਿੰਦਗੀ ਵਿੱਚ ਅਹਿਮੀਅਤ ਨੂੰ ਦਰਸਾਉਂਦਾ ਇੱਕ ਨਾਟਕ ਖੇਡਿਆ ਗਿਆ। ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ +2 ਕਲਾਸ ਦੀਆਂ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਨਵਨੀਤ ਕੌਰ ਨੇ ਨਿਭਾਈ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਬਿੜਾ ਅਤੇ ਆਨਰੇਰੀ ਸਕੱਤਰ ਗੁਰਮੋਹਨ ਸਿੰਘ ਵਾਲੀਆ ਨੇ ਸਮੂਹ ਸਕੂਲ ਨੂੰ ਮੁਬਾਰਕਬਾਦ ਦਿੱਤੀ। ਇਸੇ ਤਰ੍ਹਾਂ ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ ’ਚ ਡਾਇਰੈਕਟਰ ਅਮਰੀਕ ਸਿੰਘ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੀ ਅਗਵਾਈ ਹੇਠ ਮਾਂ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ):ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਵਿੱਚ ਅੱਜ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ’ਚ ਛੋਟੇ ਬੱਚਿਆਂ ਨੂੰ ਟਾਫ਼ੀਆਂ ਵੰਡੀਆਂ ਗਈਆਂ ਜੋ ਉਹ ਆਪਣੀ ਮਾਂ ਲਈ ਤੋਹਫ਼ੇ ਵਜੋਂ ਲੈ ਕੇ ਗਏ। ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਵਾਂ ਲਈ ਸੁੰਦਰ ਕਾਰਡ ਬਣਾਏ। ਛੇਵੀਂ ਤੋਂ ਬਾਰ੍ਹਵੀਂ ਦੇ ਸਾਰੇ ਵਿਦਿਆਰਥੀਆਂ ਨੇ ਮਾਂ ਦੇ ਨਾਂ ਖ਼ਤ ਲਿਖ ਕੇ ਮਾਂ ਪ੍ਰਤੀ ਆਪਣੇ ਸਤਿਕਾਰ ਅਤੇ ਪਿਆਰ ਦਾ ਇਜ਼ਹਾਰ ਕੀਤਾ।
ਇਸ ਤੋਂ ਬਾਅਦ ਜ਼ੋਰਾਵਰ ਹਾਊਸ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਚੁੰਨੀ’ ਗੀਤ ’ਤੇ ਕੋਰੀਓਗ੍ਰਾਫੀ ਰਾਹੀਂ ਵਧੀਆ ਅਦਾਕਾਰੀ ਪੇਸ਼ ਕਰਦਿਆਂ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਅਖੀਰ ’ਚ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਹਮੇਸ਼ਾਂ ਆਪਣੀ ਮਾਂ ਦਾ ਸਤਿਕਾਰ ਕਰਨ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਖੂਬ ਤਰੱਕੀ ਕਰ ਕੇ ਆਪਣੇ ਮਾਂ ਬਾਪ ਦੇ ਸਿਰ ਦਾ ਤਾਜ ਬਣਨ ਲਈ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ ਡੀਏਵੀ ਸਕੂਲ ਵਿੱਚ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਨਰਸਰੀ ਤੋਂ ਤੀਜੀ ਜਮਾਤ ਦੇ ਬੱਚਿਆਂ ਨੇ ਕਵਿਤਾ ਗਾਇਣ ਕੀਤਾ। ਚੌਥੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਲੜੀਵਾਰ ਗ੍ਰੀਟਿੰਗ ਕਾਰਡ, ਸਟੋਨ ਪੇਂਟਿੰਗਾਂ, ਸੁੰਦਰ ਫੁੱਲਾਂ ਦੇ ਗੁਲਦਸਤੇ ਅਤੇ ਘੜੀਆਂ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਨੇ ਬੱਚਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ।