ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 19 ਮਈ
ਪ੍ਰਸ਼ਾਸਨ ਨੇ ਅਹਿਮਦਗੜ੍ਹ ਪੁਲੀਸ ਸਬ ਡਿਵੀਜ਼ਨ ਦੇ ਥਾਣਿਆਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਰੈਪਿਡ ਐਕਸ਼ਨ ਫੋਰਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਮੈਂਬਰਾਂ ਵਾਂਗ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰ ’ਤੇ ਮੌਕ ਡਰਿੱਲਾਂ ਕਰਵਾ ਕੇ ਮੁਲਾਜ਼ਮਾਂ ਨੂੰ ਆਪਣੀ ਸੁਰੱਖਿਆ ਦੇ ਨਾਲ ਪ੍ਰਦਰਸ਼ਕਾਰੀਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਦੰਗਾ ਰੋਕਣ ਅਤੇ ਭੀੜ ਨੂੰ ਕਾਬੂ ਕਰਨ ਦੇ ਢੰਗਾਂ ਬਾਰੇ ਦੱਸਿਆ ਜਾ ਰਿਹਾ ਹੈ। ਅਹਿਮਦਗੜ੍ਹ ਦੇ ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਸਿਟੀ ਦੇ ਮੁਖੀ ਗੁਰਪ੍ਰੀਤ ਕੌਰ ਅਤੇ ਥਾਣਾ ਸਦਰ ਦੇ ਮੁਖੀ ਸਿਕੰਦਰ ਸਿੰਘ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਹਾਲਤ ਵਿੱਚ ਆਪਣੇ ਅਧੀਨ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਹੰਗਾਮੀ ਸਥਿਤੀਆਂ ’ਤੇ ਕਾਬੂ ਪਾਉਣ ਦੀ ਲੋੜੀਂਦੀ ਟਰੇਨਿੰਗ ਦਿਲਵਾਉਣ।
ਟਰੇਨਿੰਗ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਧਰਨਾਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਿੱਧੀ ਰੇਖਾ ਬਣਤਰ ਕੰਮ ਕਰਦੀ ਹੈ ਅਤੇ ਦੋ ਗੁੱਟਾਂ ਦੇ ਝਗੜੇ ਨੂੰ ਰੋਕਣ ਲਈ ਅੰਗਰੇਜ਼ੀ ਦੇ ਵਰਣ ‘ਵੀ’ ਵਾਂਗ ਬਣਤਰ ਬਣਾਈ ਜਾਂਦੀ ਹੈ।