ਸਤਵਿੰਦਰ ਬਸਰਾ
ਲੁਧਿਆਣਾ, 18 ਸਤੰਬਰ
ਸਨਅਤੀ ਸ਼ਹਿਰ ਲੁਧਿਆਣਾ ਦੇ ਮੁੱਖ ਚੌੜਾ ਬਾਜ਼ਾਰ ਵਿੱਚ ਆ ਰਹੇ ਤਿਓਹਾਰਾਂ ਨੂੰ ਦੇਖਦਿਆਂ ਟਰੈਫਿਕ ਘਟਾਉਣ ਦੇ ਮਕਸਦ ਨਾਲ ਬੀਤੇ ਦਿਨ ਸ਼ੁਰੂ ਕੀਤੀ ਇਕ ਤਰਫ਼ਾ ਆਵਾਜਾਈ ਦੀਆਂ ਅੱਜ ਐਤਵਾਰ ਨੂੰ ਸ਼ਰ੍ਹੇਆਮ ਧੱਜੀਆਂ ਉਡਦੀਆਂ ਰਹੀਆਂ। ਆਮ ਦਿਨਾਂ ਦੀ ਤਰ੍ਹਾਂ ਲੋਕ ਦੋਵੇਂ ਪਾਸਿਓਂ ਹੀ ਆਪੋ-ਆਪਣੇ ਵਾਹਨ ਲਿਆਉਂਦੇ ਅਤੇ ਲਿਜਾਂਦੇ ਦੇਖੇ ਗਏ। ਦੂਜੇ ਪਾਸੇ, ਏਸੀਪੀ ਟਰੈਫਕ-1 ਚਰਨਜੀਵ ਲਾਂਬਾ ਨੇ ਕਿਹਾ ਕਿ ਇਸ ਸਬੰਧੀ ਜ਼ੋਨਲ ਇੰਚਾਰਜ ਨੂੰ ਮੌਕੇ ’ਤੇ ਜਾ ਕੇ ਦੇਖਣ ਦੀ ਹਦਾਇਤ ਕਰ ਦਿੱਤੀ ਜਾਵੇਗੀ।
ਆਮ ਦਿਨਾਂ ਵਿੱਚ ਭੀੜ-ਭੜੱਕੇ ਕਰ ਕੇ ਮਸ਼ਹੂਰ ਚੌੜੇ ਬਾਜ਼ਾਰ ਵਿੱਚ ਤਿਓਹਾਰਾਂ ਦੌਰਾਨ ਟਰੈਫਿਕ ਜਾਮ ਹੋਣ ਤੋਂ ਰੋਕਣ ਦੇ ਮਕਸਦ ਨਾਲ ਬੀਤੇ ਦਿਨ ਤੋਂ ਇੱਕ ਤਰਫਾ ਟਰੈਫਿਕ ਸ਼ੁਰੂ ਕੀਤੀ ਗਈ ਸੀ। ਪਰ ਐਤਵਾਰ ਨੂੰ ਲੋਕ ਆਮ ਦਿਨਾਂ ਦੀ ਤਰ੍ਹਾਂ ਈ-ਰਿਕਸ਼ਾ, ਦੋ ਪਹੀਆ ਵਾਹਨ ਲੈ ਕਿ ਬਾਜ਼ਾਰ ਵਿੱਚੋਂ ਲੰਘਦੇ ਰਹੇ। ਪੁਲੀਸ ਪ੍ਰਸ਼ਾਸਨ ਵੱਲੋਂ ਦੁਕਾਨਾਂ ਦੇ ਬਾਹਰ ਫੜੀਆਂ ਲਗਾ ਕਿ ਸਾਮਾਨ ਵੇਚਣ ਦੀ ਕੀਤੀ ਮਨਾਹੀ ਦਾ ਵੀ ਦੁਕਾਨਦਾਰਾਂ ਅਤੇ ਫੜੀਆਂ ਵਾਲਿਆਂ ’ਤੇ ਕੋਈ ਅਸਰ ਦਿਖਾਈ ਨਹੀਂ ਦਿੱਤਾ। ਸੁਣਨ ਵਿੱਚ ਆਇਆ ਹੈ ਕਿ ਬਾਜ਼ਾਰ ਦੇ ਬਹੁਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਕਈ-ਕਈ ਫੁੱਟ ਤੱਕ ਫੜੀਆਂ ਲਗਵਾਈਆਂ ਹੋਈਆਂ ਹਨ ਅਤੇ ਉਨ੍ਹਾਂ ਤੋਂ ਕਿਰਾਇਆ ਵੀ ਲੈਂਦੇ ਹਨ। ਪਿਛਲੇ ਕੁਝ ਸਮੇਂ ਤੋਂ ਚੌੜਾ ਬਾਜ਼ਾਰ ਵਿੱਚ ਈ-ਰਿਕਸ਼ਿਆਂ ਦੀ ਗਿਣਤੀ ’ਚ ਹੋਇਆ ਵਾਧਾ ਵੀ ਟਰੈਫਿਕ ਜਾਮ ਹੋਣ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਕੇਸ਼ ਅਗਰਵਾਲ ਦੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਹੋਣ ਸਮੇਂ ਦੁਕਾਨਾਂ ਦੇ ਬਾਹਰ ਫੜੀਆਂ ਲਗਾਉਣ ਵਾਲਿਆਂ ’ਤੇ ਲਗਾਮ ਕੱਸੀ ਗਈ ਸੀ। ਪਰ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਲੁਧਿਆਣਾ ਵਿੱਚ ਦੁਬਾਰਾ ਫੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ।
ਜ਼ੋਨ ਇੰਚਾਰਜ ਨੂੰ ਮੁਆਇਨਾ ਕਰਨ ਭੇਜਿਆ ਜਾਵੇਗਾ: ਏਸੀਪੀ ਲਾਂਬਾ
ਏਸੀਪੀ ਟਰੈਫਿਕ-1 ਚਰਨਜੀਵ ਲਾਂਬਾ ਨੇ ਦੱਸਿਆ ਕਿ ਚੌੜੇ ਬਾਜ਼ਾਰ ਵਿੱਚ ਟਰੈਫਿਕ ਘਟਾਉਣ ਲਈ ਇੱਕ ਤਰਫ਼ਾ ਟ੍ਰੈਫਿਕ ਚਾਲੂ ਕੀਤੀ ਗਈ ਹੈ। ਉਨ੍ਹਾਂ ਨੂੰ ਜਦੋਂ ਦੱਸਿਆ ਗਿਆ ਕਿ ਅੱਜ ਇਸ ਹਦਾਇਤ ਦੀ ਕੋਈ ਪਾਲਣਾ ਹੁੰਦੀ ਦਿਖਾਈ ਨਹੀਂ ਦਿੱਤੀ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਜ਼ੋਨ ਇੰਚਾਰਜ ਦੀ ਹੈ। ਉਹ ਉਨ੍ਹਾਂ ਨੂੰ ਮੌਕੇ ਦਾ ਮੁਆਇਨਾ ਕਰਨ ਦੀ ਹਦਾਇਤ ਕਰਨਗੇ।
ਬਾਜ਼ਾਰਾਂ ਵਿੱਚ ਭੀੜ ਵਧਣ ਨਾਲ ਵਧ ਸਕਦੇ ਨੇ ਕਰੋਨਾ ਕੇਸ
ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾ ਦੇ ਪੰਜ ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 4 ਕੇਸ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ ਜਦੋਂਕਿ ਇਕ ਦੂਜੇ ਜ਼ਿਲ੍ਹੇ/ ਰਾਜ ਨਾਲ ਸਬੰਧਿਤ ਹੈ। ਅੱਜ 2691 ਸ਼ੱਕੀ ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਭਾਵੇਂ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਆਖਿਆ ਜਾ ਰਿਹਾ ਹੈ ਪਰ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਜੁੜਦੀ ਭੀੜ ਅਤੇ ਟਰੈਫਿਕ ਜਾਮ ਦੀ ਸਮੱਸਿਆ ਦਾ ਕੋਈ ਠੋਸ ਨਿਪਟਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ।