ਦੇਵਿੰਦਰ ਸਿੰਘ ਜੱਗੀ
ਪਾਇਲ, 31 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ, ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਦੋਸ਼ ਲਾਇਆ ਕਿ ਆਏ ਦਿਨ ਕੇਂਦਰ ਸਰਕਾਰ ਵੱਡੇ ਘਰਾਣਿਆਂ ਦੇ ਖਾਤਿਆਂ ਨੂੰ ਐੱਨਪੀਏ ਕਰਾਰ ਦੇ ਕੇ ਵੱਡੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਉਲਟ ਸਮੁੱਚੇ ਜਗਤ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਾਲ਼ ਬੁਣ ਕੇ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਖ਼ੇਤੀ ਪ੍ਰਧਾਨ ਸੂਬੇ ਪੰਜਾਬ ਦੀ ਕਿਸਾਨੀ ਨੂੰ ਅੱਖੋਂ-ਪਰੋਖੇ ਕਰ ਕੇ ਸਰਕਾਰਾਂ ਨੇ ਕਰਜ਼ਾਈ ਬਣਾਇਆ ਹੈ ਅਤੇ ਕਰਜ਼ਿਆਂ ਦਾ ਜਾਲ ਸਰਕਾਰਾਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਕਰਜ਼ਿਆਂ ਦਾ ਬੁਰਾ ਅਸਰ ਦੇਸ਼ ਦੇ ਅੰਨ ਭੰਡਾਰ ’ਤੇ ਪਵੇਗਾ। ਇਸ ਤੋਂ ਬਚਣ ਲਈ ਸਮਾਂ ਰਹਿੰਦਿਆਂ ਖ਼ੇਤੀ ਕਰਜ਼ਿਆਂ ’ਤੇ ਲਕੀਰ ਫੇਰ ਕੇ ਕਿਸਾਨ ਮਜ਼ਦੂਰਾਂ ਨੂੰ ਕਰਜ਼ਿਆਂ ਤੋਂ ਮੁਕਤ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਪਾਣੀਆਂ ਦੀ ਲੁੱਟ ਵੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਰਾਹੀਂ ਵੱਡੇ ਘਰਾਣਿਆਂ ਨੂੰ ਪਾਣੀਆਂ ਦੇ ਵਪਾਰ ਰਾਹੀਂ ਦੇਸ਼ ਲੁਟਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੋਈ ਵੀ ਸਰਕਾਰ ਗੋਲ ਮੇਜ਼ ’ਤੇ ਦਲੀਲਾਂ ਦੇ ਆਧਾਰ ’ਤੇ ਸਾਬਤ ਨਹੀਂ ਕਰ ਸਕੀ ਕਿ ਕਰਜ਼ਿਆਂ ਦੀ ਦਲਦਲ ਕਿਸਾਨੀ ਖ਼ਰਚਿਆਂ ਕਾਰਨ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਦੇਰੀ ਦੇ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ’ਤੇ ਲਕੀਰ ਫੇਰੀ ਜਾਵੇ। ਸਰਕਾਰਾਂ ਦੀਆਂ ਨੀਤੀਆਂ ਅਤੇ ਨੀਤਾਂ ਨੇ ਆਰਥਿਕ ਮੰਦਹਾਲੀ ਪੈਦਾ ਕੀਤੀ ਹੈ। ਬੀਤੇ ਸਮਿਆਂ ਨਾਲੋਂ ਅਨਾਜ ਦੀ ਪੈਦਾਵਾਰ ’ਚ ਚੋਖਾ ਵਾਧਾ ਹੋਇਆ ਪਰ ਖੇਤੀਬਾੜੀ ਮੁਨਾਫ਼ੇ ਦੀ ਬਜਾਇ ਲਗਾਤਾਰ ਤੇਜ਼ੀ ਨਾਲ ਘਾਟੇ ਵੱਲ ਨੂੰ ਜਾ ਰਹੀ ਹੈ।